ਨਵੀਂ ਦਿੱਲੀ: ਸ਼ਾਹੀਨ ਬਾਗ ਵਿੱਚ ਗੋਲੀਬਾਰੀ ਕਰਨ ਵਾਲੇ ਕਪਿਲ ਗੁੱਜਰ ਦਾ ਆਮ ਆਦਮੀ ਪਾਰਟੀ ਨਾਲ ਸਬੰਧ ਸਾਹਮਣੇ ਆਇਆ ਸੀ। ਇਸ ਉੱਤੇ ਹੁਣ ਉਸ ਦੇ ਪਰਿਵਾਰ ਵਾਲਿਆਂ ਦਾ ਬਿਆਨ ਆਇਆ ਹੈ।
ਸ਼ਾਹੀਨ ਬਾਗ ਗੋਲੀਬਾਰੀ ਦੇ ਆਰੋਪੀ ਦੇ ਪਰਿਵਾਰ ਦਾ ਬਿਆਨ ਕਪਿਲ ਦੇ ਪਿਤਾ ਨੇ ਕਿਹਾ, "ਮੈਨੂੰ ਪਤਾ ਨਹੀਂ ਕਿ ਇਹ ਫੋਟੋਆਂ ਕਿੱਥੋਂ ਆ ਰਹੀਆਂ ਹਨ। ਮੇਰੇ ਪੁੱਤਰ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਸਬੰਧ ਹੈ। ਮੈਂ 2008 ਵਿੱਚ ਬਹੁਜਨ ਸਮਾਜ ਪਾਰਟੀ ਦੀ ਟਿਕਟ ਉੱਤੇ ਚੋਣਾਂ ਲੜੀਆਂ ਸਨ ਅਤੇ ਹਾਰ ਗਿਆ ਸੀ। ਉਸ ਤੋਂ ਬਾਅਦ ਸਾਡੇ ਪਰਿਵਾਰ ਵਿੱਚ ਕਿਸੇ ਦਾ ਵੀ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਰਿਹਾ।"
ਦੱਸ ਦਈਏ ਕਿ ਦਿੱਲੀ ਪੁਲਿਸ ਨੇ ਦੱਸਿਆ ਸੀ ਕਿ ਕਪਿਲ ਨੇ ਖ਼ੁਦ ਵਿਸ਼ੇਸ਼ ਜਾਂਚ ਟੀਮ ਦੀ ਪੁੱਛਗਿੱਛ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ। ਕਪਿਲ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਪਿਤਾ ਨੇ ਸਾਲ 2019 ਦੇ ਸ਼ੁਰੂਆਤੀ ਮਹੀਨੇ ਵਿੱਚ ਆਪ ਦੀ ਮੈਂਬਰਸ਼ਿਪ ਲਈ ਸੀ।
ਆਰੋਪੀ ਦੇ ਬਿਆਨ ਬਾਰੇ ਕ੍ਰਾਈਮ ਬ੍ਰਾਂਚ ਨੇ ਕੋਰਟ ਨੂੰ ਜਾਣਕਾਰੀ ਦੇ ਦਿੱਤੀ। ਕ੍ਰਾਈਮ ਬ੍ਰਾਂਚ ਮੁਤਾਬਕ ਕਪਿਲ ਗੁੱਜਰ ਦੇ ਮੋਬਾਇਲ ਫ਼ੋਨ ਅਤੇ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਆਪ ਦਾ ਮੈਂਬਰ ਹੈ। ਇਸ ਦੇ ਨਾਲ ਹੀ ਉਸ ਦੇ ਫ਼ੋਨ ਵਿੱਚੋਂ ਕੁਝ ਫ਼ੋਟੋਆਂ ਵੀ ਮਿਲੀਆਂ।
ਇਨ੍ਹਾਂ ਫ਼ੋਟੋਆਂ ਵਿੱਚ ਆਰੋਪੀ ਕਪਿਲ ਗੁੱਜਰ ਅਤੇ ਉਸ ਦੇ ਪਿਤਾ ਗਜੇ ਸਿੰਘ ਆਮ ਆਦਮੀ ਪਾਰਟੀ ਦੇ ਆਗੂ ਆਤਿਸ਼ੀ ਅਤੇ ਆਪ ਸੰਸਦ ਮੈਂਬਰ ਸੰਜੇ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ।