ਨਵੀਂ ਦਿੱਲੀ: ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਸਭ ਤੋਂ ਵੱਡੀ ਪਾਰਟੀ ਦੇ ਕੌਮੀ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਦਾ ਆਮ ਵਰਕਰ ਤੋਂ ਲੈ ਕੇ ਪਾਰਟੀ ਦਾ ਸਿਖਰਲੇ ਆਗੂ ਬਨਣ ਤੱਕ ਦਾ ਸਫਰ ਕਾਫੀ ਲੰਮਾ ਹੈ। ਨੱਡਾ ਆਪਣੇ ਮਿਲਨਸਾਰ ਤੇ ਸਾਦੇ ਸੁਭਾਅ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਕਈ ਦਿੱਗਜ ਆਗੂਆਂ ਨੂੰ ਪਿੱਛੇ ਛੱਡ ਨੱਡਾ ਨੂੰ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਹਿਮਾਚਲ ਪ੍ਰਦੇਸ਼ ਸਥਿਤ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਬਿਲਾਸਪੁਰ ਵਿੱਚ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੂਰੇ ਸੂਬੇ ਵਿੱਚੋਂ ਭਾਜਪਾ ਵਰਕਰ ਦਿੱਲੀ ਲਈ ਰਵਾਨਾ ਹੋ ਗਏ ਹਨ। ਨੱਡਾ ਪਾਰਟੀ ਦੇ ਨਾਲ ਹੀ ਰਾਸ਼ਟਰੀ ਸਵੈਸੇਵਕ ਸੰਘ ਨਾਲ ਵੀ ਬਹੁਤ ਨੇੜੇ ਤੋਂ ਜੁੜੇ ਹੋਏ ਹਨ। ਜੇ.ਪੀ ਨੱਡਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਰੋਸੇਮੰਦ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਉਹ ਅਡਵਾਨੀ ਤੇ ਰਾਜਨਾਥ ਸਿੰਘ ਦੇ ਵੀ ਨੇੜ ਰਹੇ ਹਨ।
ਬਿਹਾਰ 'ਚ ਜੰਮੇ ਤੇ ਪੜ੍ਹਾਈ ਕੀਤੀ
ਜਗਤ ਪ੍ਰਕਾਸ਼ ਨੱਡਾ ਦਾ ਜਨਮ 2 ਦਸੰਬਰ 1960 ਨੂੰ ਪਟਨਾ ਬਿਹਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਲਾਲ ਨੱਡਾ ਪਟਨਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਤੇ ਰਾਂਚੀ ਯੂਨੀਵਰਸਿਟੀ ਦੇ ਉਪ-ਕੁਲਪਤੀ ਰਹੇ ਹਨ। ਨੱਡਾ ਨੇ ਆਪਣੀ ਮੁੱਢਲੀ ਸਿੱਖਿਆ ਬਿਹਾਰ ਵਿੱਚ ਹੀ ਅਰੰਭ ਕੀਤੀ। ਉਥੇ ਹੀ, ਆਪਣੀ ਗ੍ਰੇਜੂਏਟ ਦੀ ਡਿਗਰੀ ਪਟਨਾ ਯੂਨੀਵਰਸਿਟੀ ਤੋਂ ਪੂਰੀ ਕੀਤੀ।
ਜੇਪੀ ਅੰਦੋਲਨ 'ਚ ਸਰਗਰਮ ਭੂਮਿਕਾ ਤੇ ਹਿਮਾਚਲ ਵਾਪਸੀ
ਨੱਡਾ ਨੇ ਪਟਨਾ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵਿੱਚ ਸਰਗਰਮ ਹੋ ਕੇ ਬਹੁਤ ਸਾਰੇ ਅੰਦੋਲਨਾਂ ਵਿੱਚ ਹਿੱਸਾ ਲਿਆ। ਉਥੇ ਹੀ ਉਨ੍ਹਾਂ ਨੇ 1975 ਦੇ ਜੇਪੀ ਅੰਦਲਨ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।ਉਸ ਤੋਂ ਬਾਅਦ ਉਹ ਆਪਣੇ ਗ੍ਰਹਿ ਰਾਜ ਹਿਮਾਚਲ ਮੁੜ ਆਏ।
ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ 'ਚ ਅਹਿਮ ਅਹੁਦੇ
ਜੇਪੀ ਨੱਡਾ 1985 ਤੋਂ 1989 ਤੱਕ ਦਿੱਲੀ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਜਥੇਬੰਦਕ ਮੰਤਰੀ ਰਹੇ। ਇਸ ਦੌਰਾਨ ਉਨ੍ਹਾਂ ਦਿੱਲੀ ਵਿੱਚ ਕਈ ਵਿਦਿਆਰਥੀ ਅੰਦੋਲਨਾਂ ਦੀ ਅਗਵਾਈ ਕੀਤੀ। 1989 ਵਿੱਚ ਜੇਪੀ ਨੱਡਾ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕੌਮੀ ਮੰਤਰਟੀ ਦੀ ਜਿੰਮੇਵਾਰੀ ਵੀ ਨਿਭਾਈ। ਇਸੇ ਦੇ ਨਾਲ ਨੱਡਾ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹੇ।