ਨਵੀਂ ਦਿੱਲੀ / ਗਾਜ਼ੀਆਬਾਦ: ਬਦਮਾਸ਼ਾਂ ਦੇ ਹਮਲੇ ਵਿੱਚ ਜ਼ਖਮੀ ਪੱਤਰਕਾਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਐਸਐਸਪੀ ਨੇ ਸਥਾਨਕ ਚੌਕੀ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਤੱਕ 9 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਪੁਲਿਸ ਦੀਆਂ 6 ਟੀਮਾਂ ਕੰਮ ਕਰ ਰਹੀਆਂ ਹਨ। ਮੁੱਖ ਦੋਸ਼ੀ ਦਾ ਨਾਂਅ ਰਵੀ ਹੈ।
ਮ੍ਰਿਤਕ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਚੌਕੀ ਇੰਚਾਰਜ, ਜਿਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਪੱਤਰਕਾਰ ਦਾ ਕਤਲ ਕਰ ਦਿੱਤਾ ਜਾਵੇਗਾ। ਇਸਦੇ ਬਾਵਜੂਦ ਪੁਲਿਸ ਨੇ ਕੁਝ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਨਾ ਸਿਰਫ ਚੌਕੀ ਇੰਚਾਰਜ ਬਲਕਿ ਹੋਰ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲਿਸ ਦੀ ਮਿਲੀਭੁਗਤ ਤੋਂ ਬਿਨਾਂ ਇਸ ਤਰ੍ਹਾਂ ਦਾ ਕਤਲ ਸੰਭਵ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਰਵੀ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੱਤਰਕਾਰ ਆਪਣੀ ਭੈਣ ਦੇ ਘਰੋਂ ਬਾਈਕ 'ਤੇ ਨਿਕਲਿਆ ਅਤੇ ਯੋਜਨਾ ਦੇ ਤਹਿਤ ਸਾਰੇ ਬਦਮਾਸ਼ ਪਹਿਲਾਂ ਹੀ ਸੜਕ ਕਿਨਾਰੇ ਬੈਠੇ ਸੀ ਜਿਨ੍ਹਾਂ ਨੇ ਚਾਰੇ ਪਾਸਿਓਂ ਪੱਤਰਕਾਰ ਨੂੰ ਘੇਰ ਲਿਆ।