ਰਾਂਚੀ: ਝਾਰਖੰਡ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਅਤੇ ਨਤੀਜਿਆਂ ਵਿੱਚ ਜੇਐਮਐਮ-ਕਾਂਗਰਸ ਅਤੇ ਆਰਜੇਡੀ ਵਿਸ਼ਾਲ ਗੱਠਜੋੜ ਨੂੰ ਜਨਾਦੇਸ਼ ਮਿਲਦਾ ਹੋਇਆ ਵਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਰਘੁਬਰ ਦਾਸ ਨੇ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ।
ਝਾਰਖੰਡ ਚੋਣ ਨਤੀਜਿਆਂ ਵਿੱਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ। ਉਨ੍ਹਾਂ ਆਪਣੇ ਟਵੀਟ ਰਾਹੀਂ ਹੇਮੰਤ ਸੋਰੇਨ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, "ਮੈਂ ਹੇਮੰਤ ਸੋਰੇਨ ਜੀ ਅਤੇ ਜੇਐਮਐਮ ਗੱਠਜੋੜ ਨੂੰ ਰਾਜ ਵਿੱਚ ਜਿੱਤ ਲਈ ਵਧਾਈ ਦਿੰਦਾ ਹਾਂ।" ਉਨ੍ਹਾਂ ਇੱਕ ਹੋਰ ਟਵੀਟ ਵਿੱਚ ਝਾਰਖੰਡ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਕਿਹਾ ਹੈ, "ਮੈਂ ਰਾਜ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇੰਨੇ ਸਾਲਾਂ ਲਈ ਸੇਵਾ ਕਰਨ ਦਾ ਮੌਕਾ ਦਿੱਤਾ।"
ਪ੍ਰਧਾਨ ਮੰਤਰੀ ਨੇ ਭਾਜਪਾ ਵਰਕਰਾਂ ਦੀ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਆਮ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਵੀ ਅੱਗੇ ਕੰਮ ਕਰਦੇ ਰਹਾਂਗੇ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਝਾਰਖੰਡ ਵਿੱਚ ਪਾਰਟੀ ਦੀ ਹਾਰ ਨੂੰ ਸਵਿਕਾਰ ਕੀਤਾ।
ਉਨ੍ਹਾਂ ਟਵੀਟ ਕੀਤਾ, "ਅਸੀਂ ਝਾਰਖੰਡ ਦੇ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਦਾ ਸਤਿਕਾਰ ਕਰਦੇ ਹਾਂ। ਅਸੀਂ ਭਾਜਪਾ ਨੂੰ 5 ਸਾਲ ਰਾਜ ਦੀ ਸੇਵਾ ਕਰਨ ਦੇ ਦਿੱਤੇ ਗਏ, ਇਸ ਅਵਸਰ ਲਈ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਭਾਜਪਾ ਰਾਜ ਦੇ ਵਿਕਾਸ ਲਈ ਨਿਰੰਤਰ ਵਚਨਬੱਧ ਰਹੇਗੀ। ਸਾਰੇ ਵਰਕਰਾਂ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ ਲਈ ਵਧਾਈ।"
ਜਿੱਤ ਤੋਂ ਬਾਅਦ ਹੇਮੰਤ ਸੋਰੇਨ ਨੇ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਜਦ ਸੁਪਰੀਮੋ ਲਾਲੂ ਯਾਦਵ ਦਾ ਵੀ ਧੰਨਵਾਦ ਕੀਤਾ। ਸੋਰੇਨ ਨੇ ਕਿਹਾ ਕਿ ਹੁਣ ਉਹ ਆਪਣੇ ਸਾਥੀਆਂ ਨਾਲ ਗੱਲਬਾਤ ਕਰੇਗਾ, ਇਸ ਤੋਂ ਬਾਅਦ ਉਹ ਅਹਿਮ ਫੈਸਲੇ ਲੈਣਗੇ।