ਨਵੀਂ ਦਿੱਲੀ: ਭਾਰਤੀ ਹਵਾਈ ਯਾਤਰਾ ਖੇਤਰ ਦੀ ਵੱਡੀ ਕੰਪਨੀ ਜੈੱਟ ਏਅਰਵੇਜ਼ ਨੂੰ ਬੈਕਾਂ ਨੇ 400 ਕਰੋੜ ਦਾ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਬੀਤੇ ਦਿਨ ਜੈੱਟ ਏਅਰਵੇਜ਼ ਨੇ ਆਪਣੀਆਂ ਸਾਰੀਆਂ ਉਡਾਣਾ ਅਸਥਾਈ ਤੌਰ 'ਤੇ ਬੰਦ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਏਅਰਵੇਜ਼ ਤੇ 8000 ਕਰੋੜ ਦੇ ਕਰੀਬ ਦਾ ਕਰਜ਼ਾ ਸੀ ਜਿਸ ਤੋਂ ਬਾਅਦ ਏਅਰਵੇਜ਼ ਨੇ ਹੋਰ ਕਰਜ਼ੇ ਦੀ ਮੰਗ ਕੀਤੀ ਸੀ।
ਦੱਸ ਦਈਏ ਕਿ ਜੈੱਟ ਏਅਰਵੇਜ਼ ਕੋਲ 350 ਉਡਾਨਾ ਹਨ ਪਰ ਲਗਾਤਾਰ ਕਰਜ਼ੇ ਵਿੱਚ ਡੁੱਬਣ ਕਰਕੇ ਮੌਜੂਦਾ ਸਥਿਤੀ ਵਿੱਚ ਕੰਪਨੀ ਸਿਰਫ਼ 40 ਉਡਾਨਾਂ ਹੀ ਕਰਦੀ ਸੀ।
ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਤੇ ਟਵੀਟ ਕਰ ਕੇ ਜੈੱਟ ਏਅਰਵੇਜ਼ ਦੇ ਡੁੱਬਣ ਤੇ ਹਮਦਰਦੀ ਪ੍ਰਗਟ ਕੀਤੀ ਹੈ
ਜ਼ਿਕਰਯੋਗ ਹੈ ਕਿ ਏਅਰਵੇਜ਼ ਕੰਪਨੀ ਵਿੱਚ 20 ਹਜ਼ਾਰ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਅਜਿਹੇ ਵਿੱਚ ਜੇ ਕੰਪਨੀ ਨੂੰ ਕੋਈ ਆਰਥਕ ਮਦਦ ਨਾ ਮਿਲੀ ਤਾਂ ਇਸ ਦਾ ਸਿੱਧਾ ਸਿੱਧਾ ਅਸਰ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਪਵੇਗਾ। ਪਿਛਲੇ ਦਿਨੀਂ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪ੍ਰਦਰਸ਼ਨ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਪਿਛਲੇ ਤਿੰਨ ਮਹੀਨਿਆਂ ਦੀ ਤਨਖ਼ਾਹ ਦਿੱਤੀ ਜਾਵੇ।
ਜੈੱਟ ਏਅਰਵੇਜ਼ ਨੂੰ ਵਿਦੇਸ਼ਾਂ ਵਿੱਚ ਉਡਾਣ ਭਰਾਉਣ ਲਈ ਨਰੇਸ ਗੋਇਲ (ਕੰਪਨੀ ਮਾਲਕ) ਨੇ 2007 ਵਿੱਚ ਏਅਰ ਸਹਾਰਾ ਨੂੰ 1450 ਕਰੋੜ ਵਿੱਚ ਖ਼ਰੀਦ ਲਿਆ ਸੀ। ਇਸ ਤੋਂ ਬਾਅਦ ਕੰਪਨੀ ਲਗਾਤਾਰ ਵਿੱਤੀ ਘਾਟੇ ਵਿੱਚ ਜਾਣ ਲੱਗ ਪਈ ਜਿਸ ਦਾ ਨਤੀਜ਼ਾ ਕੰਪਨੀ ਤੇ 8000 ਕਰੋੜ ਦਾ ਕਰਜ਼ਾ ਹੋ ਗਿਆ।