ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੂੰ ਗੁਪੱਕਰ ਰੋਡ 'ਤੇ ਸਥਿਤ ਉਨ੍ਹਾਂ ਦੀ ਕੋਠੀ ਦੇ ਨੇੜੇ ਇੱਕ ਬੰਗਲੇ ਵਿੱਚ ਸ਼ਿਫ਼ਟ ਕੀਤਾ ਜਾਵੇਗਾ। ਸੂਤਰਾਂ ਮੁਤਾਬਿਕ ਉੱਥੇ ਹੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਥਾਂ ਨਹੀਂ ਬਦਲੀ ਜਾਵੇਗੀ। ਦੱਸ ਦਈਏ ਉਮਰ ਅਬਦੁੱਲਾ ਹੁਣ ਗੁਪੱਕਰ ਰੋਡ 'ਤੇ ਹਰਿ ਨਿਵਾਸ ਗੈਸਟ ਹਾਊਸ ਵਿੱਚ ਹਨ।
49 ਸਾਲਾ ਉਮਰ ਅਬਦੁੱਲਾ ਨੂੰ ਜੰਮੂ-ਕਸ਼ਮੀਰ ਦੇ 2 ਸਾਬਕਾ ਮੁੱਖ ਮੰਤਰੀਆਂ (ਫ਼ਾਰੂਕ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ) ਦੇ ਨਾਲ 5 ਅਗਸਤ ਨੂੰ ਧਾਰਾ 370 ਨੂੰ ਹਟਾਉਣ ਤੋਂ ਬਾਅਦ ਹਿਰਾਸਤ ਵਿਚ ਲਿਆ ਗਿਆ ਸੀ। 5 ਅਗਸਤ ਨੂੰ, ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਦਿੱਤੇ ਵਿਸ਼ੇਸ਼ ਸੂਬੇ ਦਾ ਦਰਜਾ ਖ਼ਤਮ ਕਰਨ ਤੇ ਉਸਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ ਸੀ।