ਪੁਲਵਾਮਾ: ਸੋਮਵਾਰ ਨੂੰ ਦੱਖਣੀ ਕਸ਼ਮੀਰ ਵਿੱਚ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਪੱਟੀ ਦੇ ਨੂਰਪੋਰਾ ਪਿੰਡ 'ਚ ਹੋਏ ਇੱਕ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ, ਜਦਕਿ ਇੱਕ ਹੋਰ ਨੇ ਆਤਮ ਸਮਰਪਣ ਕਰ ਦਿੱਤਾ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਦੋਵਾਂ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਸਿਰਫ ਇੱਕ ਨੇ ਹਾਂ ਪੱਖੀ ਜਵਾਬ ਦਿੱਤਾ। ਇੰਜੀਨੀਅਰ ਵਿਦਿਆਰਥੀ ਤੋਂ ਅੱਤਵਾਦੀ ਬਣੇ ਇੱਕ 22 ਸਾਲਾ ਨੌਜਵਾਨ ਨੂੰ ਚੱਲਦੇ ਮੁਕਾਬਲੇ ਦੌਰਾਨ ਆਤਮ ਸਮਰਪਣ ਕਰਨ ਲਈ ਮਨਾ ਲਿਆ ਗਿਆ।
'ਖ਼ਾਸ ਨੁਕਤੇ' ਤੋਂ ਬਾਅਦ ਸੁਰੱਖਿਆ ਬਲਾਂ ਨੇ ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਬੀ.ਟੈਕ ਦੇ ਵਿਦਿਆਰਥੀ ਸਾਕਿਬ ਅਕਬਰ ਵਾਜ਼ਾ ਅਤੇ ਉਸ ਦੇ ਸਾਥੀ ਸ਼ੋਕਰ ਅਹਿਮਦ ਨੂੰ ਪੁਲਵਾਮਾ ਦੇ ਅਵੰਤੀਪੋਰਾ ਖੇਤਰ ਦੇ ਨੁਰਪੋਰਾ ਪਿੰਡ ਦੇ ਇੱਕ ਨਿਰਮਾਣ ਖੇਤਰ ਵਿੱਚ ਘੇਰਾ ਪਾ ਲਿਆ।
ਅਵੰਤੀਪੋਰਾ ਪੁਲਿਸ ਨੇ ਸਾਕੀਬ ਅਖਬਰ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਸ ਨੂੰ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ ਸਮਰਪਣ ਕਰਦੇ ਦੇਖਿਆ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਮੌਜੂਦਾ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਅੱਤਵਾਦੀ ਨੂੰ ਆਤਮ ਸਮਰਪਣ ਕਰਨ ਰਾਜੀ ਕਰ ਲਿਆ ਗਿਆ ਹੋਵੇ। ਹਾਲ ਹੀ ਵਿੱਚ, ਕੁੱਝ ਦਿਨ ਪਹਿਲਾਂ ਉੱਤਰੀ ਕਸ਼ਮੀਰ ਦੇ ਸੋਪੋਰ ਕਸਬੇ ਵਿੱਚ ਇੱਕ ਅੱਤਵਾਦੀ ਨੂੰ ਮੁੱਠਭੇੜ ਦੌਰਾਨ ਆਤਮ ਸਮਰਪਣ ਕਰਨ ਲਈ ਮਨਾ ਲਿਆ ਗਿਆ ਸੀ।