ਨਵੀਂ ਦਿੱਲੀ: ਮਸਜਿਦ ਦੇ ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਸ਼ਹਿਰ ਵਿੱਚ ਬਣੇ ਨਾਜ਼ੁਕ ਹਾਲਤਾਂ ਦੇ ਮੱਦੇਨਜ਼ਰ ਇਤਿਹਾਸਕ ਜਾਮਾ ਮਸਜਿਦ ਤੁਰੰਤ ਪ੍ਰਭਾਵ ਤੋਂ 30 ਜੂਨ ਤੱਕ ਸਮੂਹਕ ਨਮਾਜ਼ ਲਈ ਬੰਦ ਰਹੇਗੀ।
ਬੁਖਾਰੀ ਨੇ ਕਿਹਾ ਕਿ ਉਨ੍ਹਾਂ ਇਹ ਫ਼ੈਸਲਾ ਆਮ ਲੋਕਾਂ ਅਤੇ ਇਸਲਾਮਿਕ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ ਹੈ।
ਦੱਸਣਯੋਗ ਹੈ ਕਿ ਇਹ ਫ਼ੈਸਲਾ ਸ਼ਾਹੀ ਇਮਾਮ ਦੇ ਸੈਕਟਰੀ ਅਮਾਨਉੱਲਾ ਦੀ ਮੰਗਲਵਾਰ ਰਾਤ ਨੂੰ ਸਫ਼ਦਰਜੰਗ ਹਸਪਤਾਲ ਵਿਖੇ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਤੋਂ ਬਾਅਦ ਆਇਆ ਹੈ।
ਸ਼ਾਹੀ ਇਮਾਮ ਨੇ ਕਿਹਾ, "ਜੇ ਅਦਿਹੀ ਸਥਿਤੀ ਪੈਦਾ ਹੁੰਦੀ ਹੈ ਕਿ ਮਨੁੱਖੀ ਜਾਨ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਮਨੁੱਖੀ ਜਾਨਾਂ ਦਾ ਬਚਾਅ ਕਰਨਾ ਲਾਜ਼ਮੀ ਹੋ ਜਾਂਦਾ ਹੈ।"
ਉਨ੍ਹਾਂ ਕਿਹਾ ਕਿ ਲੋਕਾਂ ਅਤੇ ਵਿਦਵਾਨਾਂ ਦੀ ਸਲਾਹ ਲੈਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ 'ਮਗਰੀਬ' (ਸੂਰਜ ਡੁੱਬਣ) ਤੋਂ ਵੀਰਵਾਰ ਨੂੰ 30 ਜੂਨ ਤੱਕ ਜਾਮਾ ਮਸਜਿਦ ਵਿੱਚ ਕੋਈ ਇਕੱਠ ਨਹੀਂ ਕੀਤਾ ਜਾਵੇਗਾ।
ਬੁਖਾਰੀ ਨੇ ਕਿਹਾ, "ਕੁਝ ਚੁਣੇ ਲੋਕ ਰੋਜ਼ਾਨਾ ਪੰਜ ਵਾਰ ਨਮਾਜ਼ ਅਦਾ ਕਰਨਗੇ, ਜਦੋਂਕਿ ਆਮ ਉਪਾਸਕ ਆਪਣੇ ਘਰਾਂ ਤੋਂ ਹੀ ਨਮਾਜ਼ ਅਦਾ ਕਰਨਗੇ।"
ਦੱਸਣਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਸਥਿਤੀ ਭਿਆਨਕ ਹੋ ਚੁੱਕੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਵਿੱਚ 32 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਹੋ ਗਏ ਹਨ ਅਤੇ ਹੁਣ ਤੱਕ 984 ਲੋਕਾਂ ਦੀ ਮੌਤ ਹੋਈ ਹੈ।