ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਮਾਈਕ ਪੋਂਪੀਓ ਵਿਚਾਲੇ ਫੌਨ ਉੱਤੇ ਗੱਲਬਾਤ ਹੋਈ ਜਿਸ ਵਿੱਚ ਉਨ੍ਹਾਂ ਨੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਨਾਲ ਨਜਿੱਠਣ ਵਿੱਚ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਅਤੇ ਹਿੰਦ-ਪ੍ਰਸ਼ਾਂਤ ਖੇਤਰ ਸਮੇਤ ਅੰਤਰਰਾਸ਼ਟਰੀ ਚਿੰਤਾ ਦੇ ਮਾਮਲਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ।
ਵਿਦੇਸ਼ ਮੰਤਰਾਲੇ ਦੇ ਪ੍ਰਮੁੱਖ ਉਪ ਬੁਲਾਰੇ ਕੈਲੇ ਬ੍ਰਾਊਨ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਅਤੇ ਵਿਸ਼ਵ ਭਰ ਵਿੱਚ ਸ਼ਾਂਤੀ ਕਾਇਮ ਰੱਖਣ ਅਤੇ ਸੁਰੱਖਿਆ ਮਜ਼ਬੂਤ ਕਰਨ ਵਿੱਚ ਭਾਰਤ ਅਤੇ ਅਮਰੀਕਾ ਸਬੰਧਾਂ ਦੀ ਮਹੱਤਤਾ ਨੂੰ ਦੁਹਰਾਇਆ। ਸਰੋਤਾਂ ਨਾਲ ਭਰੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਭਾਰਤ ਅਤੇ ਅਮਰੀਕਾ ਵਿਚਾਲੇ ਗੱਲਬਾਤ ਹੋਈ।
ਇਸ ਖੇਤਰ ਵਿਚ ਚੀਨ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਲ 2018 ਵਿਚ ਗੋਆ ਵਿਚ ਹੋਈ ਭਾਰਤ-ਅਮਰੀਕਾ ਸਮੁੰਦਰੀ ਸੁਰੱਖਿਆ ਗੱਲਬਾਤ ਦੇ ਤੀਜੇ ਦੌਰ ਵਿਚ ਵੀ ਇਸ ਮਾਮਲੇ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਸਨ। ਅਮਰੀਕਾ ਭਾਰਤ ਨੂੰ ਰਣਨੀਤਕ ਮਹੱਤਵਪੂਰਨ ਇੰਡੋ-ਪ੍ਰਸ਼ਾਂਤ ਖੇਤਰ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਉਤਸ਼ਾਹਤ ਕਰ ਰਿਹਾ ਹੈ।
ਬ੍ਰਾਊਨ ਨੇ ਕਿਹਾ, "ਦੋਵੇਂ ਆਗੂ ਖੇਤਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਨੇੜਲੇ ਸਹਿਯੋਗ ਜਾਰੀ ਰੱਖਣ ਅਤੇ ਇਸ ਸਾਲ ਦੇ ਅਖੀਰ ਵਿੱਚ ਅਮਰੀਕਾ-ਭਾਰਤ "ਟੂ ਪਲੱਸ ਟੂ" ਮੰਤਰੀ ਪੱਧਰ ਦੀ ਗੱਲਬਾਤ ਅਤੇ ਚਤੁਰਭੁਜ ਸੰਵਾਦ ਨੂੰ ਅੱਗੇ ਵਧਾਉਣ ਲਈ ਸਹਿਮਤੀ ਪ੍ਰਗਟਾਈ।"
ਬ੍ਰਾਊਨ ਨੇ ਕਿਹਾ ਕਿ ਫੋਨ ਗੱਲਬਾਤ ਦੌਰਾਨ ਜੈਸ਼ੰਕਰ ਅਤੇ ਪੋਂਪੀਓ ਨੇ ਕੋਵਿਡ-19 ਗਲੋਬਲ ਮਹਾਂਮਾਰੀ ਨਾਲ ਨਜਿੱਠਣ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਨੂੰ ਸਮਰਥਨ ਦੇਣ ਅਤੇ ਇਸ ਖੇਤਰ ਨੂੰ ਅਸਥਿਰ ਕਰਨ ਦੇ ਲਈ ਹਾਲ ਹੀ ਵਿਚ ਕੀਤੇ ਗਏ ਕਦਮਾਂ ਸਮੇਤ ਅੰਤਰਰਾਸ਼ਟਰੀ ਚਿੰਤਾਵਾਂ ਦੇ ਮਾਮਲਿਆਂ 'ਤੇ ਚੱਲ ਰਹੇ ਦੁਵੱਲੇ ਅਤੇ ਬਹੁਪੱਖੀ ਸਹਿਯੋਗ 'ਤੇ ਵਿਚਾਰ-ਵਟਾਂਦਰਾ ਕੀਤਾ। ਦੋਵੇਂ ਆਗੂ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੌਰਾਨ ਨਿਰੰਤਰ ਸੰਪਰਕ ਵਿੱਚ ਹਨ।