ਸ੍ਰੀਨਗਰ: ਕੇਂਦਰੀ ਕਸ਼ਮੀਰ ਦੇ ਸ੍ਰੀਨਗਰ ਜ਼ਿਲ੍ਹੇ ਵਿਚ ਨੌਗਾਮ ਬਾਈਪਾਸ ਨੇੜੇ ਸ਼ੁੱਕਰਵਾਰ ਨੂੰ ਅਣਪਛਾਤੇ ਅੱਤਵਾਦੀਆਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ।
ਖਬਰਾਂ ਅਨੁਸਾਰ, ਇਸ ਹਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਦੋ ਜ਼ਖਮੀ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ।
ਉਸ ਪੂਰੇ ਖੇਤਰ ਨੂੰ ਘੇਰ ਲਿਆ ਗਿਆ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਸਰਚ ਅਭਿਆਨ ਚਲਾਇਆ ਗਿਆ ਹੈ। ਇਹ ਹਮਲਾ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਹੈ ਜਿਸ ਨੂੰ ਵੇਖਦਿਆਂ ਕਸ਼ਮੀਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵਧਾ ਦਿੱਤਾ ਗਿਆ ਹੈ।
ਅਧਿਕਾਰੀਆਂ ਮੁਤਾਬਕ, ਸ਼ਹਿਰ ਅਤੇ ਇਸ ਦੇ ਆਸ ਪਾਸ ਦੀਆਂ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਚੈਕ-ਪੁਆਇੰਟ ਸਥਾਪਿਤ ਕੀਤੇ ਗਏ ਹਨ ਅਤੇ ਅਜਿਹੀ ਵਿਵਸਥਾ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਵੀ ਕੀਤੀ ਗਈ ਹੈ ਜਿਥੇ ਇਹ ਸਮਾਗਮ ਹੋਣ ਵਾਲੇ ਹਨ।
ਸੁਰੱਖਿਆ ਬਲਾਂ ਨੂੰ ਵੀ ਚੌਕਸ ਰਹਿਣ ਅਤੇ ਖਾੜਕੂਆਂ ਨੂੰ ਨੱਥ ਪਾਉਣ ਲਈ ਚੈਕਿੰਗ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।