ਬੇਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮਾਰਸ ਔਰਬਿਟਰ ਮਿਸ਼ਨ (ਐਮਓਐਮ) ਨੇ ਮੰਗਲ ਗ੍ਰਹਿ ਦੇ ਸਭ ਤੋਂ ਨਜ਼ਦੀਕੀ ਤੇ ਸਭ ਤੋਂ ਵੱਡੇ ਚੰਦ ਦੀ ਤਸਵੀਰ ਭੇਜੀ ਹੈ। ਐਮਓਐਮ 'ਤੇ ਲੱਗੇ ਮਾਰਸ ਕਲਰ ਕੈਮਰਾ (ਐਮਸੀਸੀ) ਨੇ ਇਹ ਤਸਵੀਰ ਕੈਦ ਕੀਤੀ ਹੈ। ਇਹ ਤਸਵੀਰ ਐਮਸੀਸੀ ਨੇ 1 ਜੁਲਾਈ ਨੂੰ ਉਸ ਸਮੇਂ ਕੈਪਚਰ ਕੀਤੀ, ਜਦੋਂ ਐਮਓਐਮ ਮੰਗਲ ਤੋਂ 7200 ਕਿਲੋਮੀਟਰ ਅਤੇ ਫੋਬੋਸ ਤੋਂ 4200 ਕਿਲੋਮੀਟਰ ਦੀ ਦੂਰੀ 'ਤੇ ਸੀ।
ਇੱਕ ਬਿਆਨ ਵਿੱਚ ਇਸਰੋ ਨੇ ਕਿਹਾ ਕਿ ਇਹ 6 ਐਮਸੀਸੀ ਫ੍ਰੇਸ ਤੋਂ ਲਈ ਗਈ ਇੱਕ ਮਿਸ਼ਰਿਤ ਤਸਵੀਰ ਹੈ ਅਤੇ ਇਸ ਦਾ ਰੰਗ ਸਹੀ ਕੀਤਾ ਗਿਆ ਹੈ। ਇਸਰੋ ਮੁਤਾਬਕ ਫੋਬੋਸ 'ਤੇ ਇੱਕ ਬਹੁਤ ਵੱਡਾ ਖੱਡਾ ਨਜ਼ਰ ਆ ਰਿਹਾ ਹੈ, ਜਿਸ ਨੂੰ ਸਟਿਕਨੀ ਨਾਂਅ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਤਸਵੀਰ ਵਿੱਚ ਕਈ ਛੋਟੇ ਟੋਏ ਵੀ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਨਾਂਅ ਸਲੋਵਾਸਕੀ, ਰੋਚੇ ਅਤੇ ਗ੍ਰਿਲਡ੍ਰਿਗ ਰੱਖਿਆ ਗਿਆ ਹੈ।