ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਦਿੱਲੀ ਵਿੱਚ ਆਈਐਸਆਈਐਸ ਦੇ ਅੱਤਵਾਦੀ ਨੂੰ ਆਈਈਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧੌਲਾਕੁਆਂ ਤੋਂ ਕਰੋਲ ਬਾਗ਼ ਵਿਚਾਲੇ ਰਾਸਤੇ 'ਚ ਰਿਜ ਰੋਡ ਉੱਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਤੇ ਅੱਤਵਾਦੀ ਵਿਚਾਲੇ ਮੁਕਾਬਲਾ ਹੋਇਆ। ਇਸ ਤੋਂ ਬਾਅਦ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੀ ਕੀ ਹੋਇਆ ਬਰਾਮਦ
ਅੱਤਵਾਦੀ ਕੋਲੋਂ 2 ਪ੍ਰੈਸ਼ਰ ਕੂਕਰ ਆਈ.ਈ.ਡੀਜ਼, ਇੱਕ ਪਿਸਤੌਲ ਅਤੇ 4 ਜਿੰਦਾ ਕਾਰਤੂਸ ਅਤੇ ਕੁਝ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ) ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਹੈ ਕਿ ਬੀਤੀ ਰਾਤ ਧੌਲਾ ਕੂਆਂ ਨੇੜੇ ਹੋਏ ਮੁਕਾਬਲੇ ਦੌਰਾਨ ਆਈਐਸਆਈ ਦੇ ਇੱਕ ਅੱਤਵਾਦੀ ਨੂੰ ਆਈਈਡੀ ਨਾਲ ਗ੍ਰਿਫ਼ਤਾਰ ਕੀਤਾ ਗਿਆ।
ਮੁਕਾਬਰੇ ਦੌਰਾਨ ਫੜ੍ਹਿਆ ਗਿਆ ਮੁਹੰਮਦ ਯੂਸਫ
ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11.12 ਵਜੇ ਦਿੱਲੀ ਪੁਲਿਸ ਆਰਮੀ ਸਕੂਲ ਦੇ ਨਜ਼ਦੀਕ ਬਾਇਕ 'ਤੇ ਸਵਾਰ ਕੁਝ ਅੱਤਵਾਦੀਆਂ ਦਾ ਪਿੱਛਾ ਕਰ ਰਹੀ ਸੀ। ਮੋਟਰ ਸਾਈਕਲ ਸਵਾਰ ਵਿਅਕਤੀ ਨੇ ਪਹਿਲਾਂ ਪੁਲਿਸ 'ਤੇ ਤਿੰਨ ਗੋਲੀਆਂ ਚਲਾਈਆਂ, ਫਿਰ ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ 5 ਤੋਂ ਵੱਧ ਗੋਲੀਆਂ ਚਲਾਈਆਂ। ਆਖ਼ਿਰਕਾਰ ਉਹ ਆਦਮੀ ਫੜਿਆ ਗਿਆ।