ਹੈਦਰਾਬਾਦ: ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ ਵਿੱਚ ਇਕ ਨਵੀਂ ਬਹਿਸ ਛਿੜੀ ਹੋਈ ਹੈ। ਵਾਇਰਸ ਨੂੰ ਫੈਲਾਉਣ ਦਾ ਦੋਸ਼ੀ 100 ਵਿਚੋਂ 99 ਲੋਕਾਂ ਨੇ ਚੀਨ ਨੂੰ ਹੀ ਠਹਿਰਾਇਆ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਆਇਆ ਸੀ, ਪਰ ਹੁਣ ਵੁਹਾਨ ਸ਼ਹਿਰ ਦੋਬਾਰਾ ਪਟੜੀ 'ਤੇ ਪਰਤ ਰਿਹਾ ਹੈ, ਜਦਕਿ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਅਜੇ ਵੀ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਹੈ। ਕਈ ਮੀਡੀਆ ਰਿਪੋਰਟਾਂ, ਰਿਸਰਚਾਂ ਅਤੇ ਮਾਹਰਾਂ ਦੇ ਆਧਾਰ 'ਤੇ ਅਜਿਹੇ ਕੁਝ ਕਾਰਨ ਹਨ ਜੋ ਕੋਰੋਨਾ ਵਾਇਰਸ ਦੇ ਪਿੱਛੇ ਚੀਨ ਦਾ ਹੱਥ ਹੋਣ ਦਾ ਇਸ਼ਾਰਾ ਕਰਦੇ ਹਨ।
ਕੋਰੋਨਾ ਦਾ ਖੁਲਾਸਾ ਕਰਨ 'ਚ ਦੇਰੀ
ਚੀਨ ਦੀ ਨਿਊਜ਼ ਏਜੰਸੀ ਨੇ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਤੋਂ ਖੁਲਾਸਾ ਕੀਤਾ ਸੀ ਕਿ ਹੁਵੇਈ ਸੂਬੇ ਵਿੱਚ ਪਿਛਲੇ ਸਾਲ 17 ਨਵੰਬਰ ਨੂੰ ਹੀ ਕੋਰੋਨਾ ਦੇ ਪਹਿਲੇ ਮਰੀਜ਼ ਨੂੰ ਟਰੇਸ ਕਰ ਲਿਆ ਗਿਆ ਸੀ। ਦਸੰਬਰ 2019 ਤੱਕ ਹੀ ਚੀਨ ਦੇ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੇ 266 ਮਰੀਜ਼ਾਂ ਦੀ ਪਛਾਣ ਕਰ ਲਈ ਸੀ। ਦਿ ਲੈਂਸੇਟ ਮੁਤਾਬਕ, ਵੁਹਾਨ ਦੇ ਝਿੰਇੰਤਾਨ ਹਸਪਤਾਲ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਪੁਸ਼ਟੀ ਕੀਤਾ ਕੇਸ 1 ਦਸੰਬਰ ਨੂੰ ਰਿਪੋਰਟ ਕੀਤਾ ਗਿਆ ਸੀ।
ਇੰਨਾ ਹੀ ਨਹੀਂ, ਕੋਰੋਨਾ ਵਾਇਰਸ ਬਾਰੇ ਸਭ ਤੋਂ ਪਹਿਲਾਂ ਦੱਸਣ ਵਾਲੇ ਚੀਨੀ ਡਾਕਟਰ ਲੀ ਵੇਨਲਿਆਂਗ ਨੂੰ ਵੀ ਚੀਨ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਤੇ ਉਨ੍ਹਾਂ 'ਤੇ ਅਫਵਾਹਾਂ ਫੈਲਾਉਣ ਦਾ ਦੋਸ਼ ਵੀ ਲਗਾਇਆ। ਬਾਅਦ ਵਿਚ ਲੀ ਦੀ ਮੌਤ ਵੀ ਕੋਰੋਨਾ ਕਾਰਨ ਹੋ ਗਈ। ਦੁਨੀਆ ਨੂੰ ਕੋਰੋਨਾ ਬਾਰੇ ਦੱਸਣ 'ਚ ਚੀਨ ਨੇ ਬਹੁਤ ਦੇਰੀ ਕੀਤੀ। ਚੀਨ ਨੇ ਜਨਵਰੀ ਵਿੱਚ ਕੋਰੋਨਾ ਵਾਇਰਸ ਬਾਰੇ ਦੁਨੀਆ ਨੂੰ ਦੱਸਿਆ।
ਸਮੇਂ ਸਿਰ ਨਹੀਂ ਮੰਨਿਆ ਗਿਆ ਕਿ ਕੋਰੋਨਾ ਹਿਊਮਨ-ਟੂ-ਹਿਊਮਨ ਟਰਾਂਸਮਿਸ਼ਨ
ਅਮਰੀਕੀ ਵੈੱਬਸਾਈਟ ਮੁਤਾਬਕ, ਵੁਹਾਨ ਦੇ ਦੋ ਹਸਪਤਾਲਾਂ ਦੇ ਡਾਕਟਰਾਂ ਵਿੱਚ ਵਾਇਰਲ ਨਿਮੋਨੀਆ ਦੇ ਲੱਛਣ ਮਿਲੇ ਸਨ ਜਿਸ ਤੋਂ ਬਾਅਦ 25 ਦਸੰਬਰ, 2019 ਨੂੰ ਇੱਥੋਂ ਦੇ ਡਾਕਟਰਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ, ਪਰ ਚੀਨ ਨੇ ਇਸ ਵਾਇਰਸ ਦੇ ਇਨਸਾਨ ਤੋਂ ਇਨਸਾਨ ਵਿਚ ਫੈਲਣ ਦੀ ਗੱਲ ਤੋਂ ਇਨਕਾਰ ਕੀਤਾ।
15 ਜਨਵਰੀ ਨੂੰ ਜਾਪਾਨ ਵਿੱਚ ਕੋਰੋਨਾ ਦਾ ਪਹਿਲਾ ਮਰੀਜ਼ ਮਿਲਿਆ। ਉੱਥੋਂ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਮਰੀਜ਼ ਕਦੇ ਵੁਹਾਨ ਦੇ ਸੀਫੂਡ ਮਾਰਕਿਟ ਵਿੱਚ ਨਹੀਂ ਗਿਆ, ਪਰ ਹੋ ਸਕਦਾ ਹੈ ਕਿ ਉਹ ਕਿਸੇ ਕੋਰੋਨਾ ਵਾਇਰਸ ਮਰੀਜ਼ ਦੇ ਸੰਪਰਕ ਵਿੱਚ ਆਇਆ ਹੋਵੇ। ਇਸ ਤੋਂ ਬਾਅਦ ਵੀ ਚੀਨ ਨੇ ਹਿਊਮਨ-ਟੂ-ਹਿਊਮਨ ਟਰਾਂਸਮਿਸ਼ਨ ਦੀ ਗੱਲ ਨਹੀਂ ਮੰਨੀ। ਅਖੀਰ 20 ਜਨਵਰੀ ਨੂੰ ਚੀਨ ਨੇ ਮੰਨਿਆ ਕਿ ਕੋਰੋਨਾ ਵਾਇਰਸ ਇਨਸਾਨ ਤੋਂ ਇਨਸਾਨ ਵਿਚ ਫੈਲ ਰਿਹਾ ਹੈ।
ਇਸ ਦਾ ਨਤੀਜਾ
ਹਿਊਮਨ-ਟੂ-ਹਿਊਮਨ ਟਰਾਂਸਮਿਸ਼ਨ ਦੀ ਗੱਲ ਨਕਾਰਨ ਕਰਕੇ ਦੁਨੀਆ ਭਰ ਵਿੱਚ ਕੌਮਾਂਤਰੀ ਉਡਾਣਾਂ ਚਾਲੂ ਰਹੀਆਂ। ਦੁਨੀਆ ਭਰ ਵਿਚ ਲੋਕ ਇਕ ਦੇਸ਼ ਤੋਂ ਦੂਜੇ ਵਿਚ ਆਉਂਦੇ-ਜਾਂਦੇ ਰਹੇ। ਇਸ ਨਾਲ ਬਾਕੀ ਦੇਸ਼ਾਂ ਵਿਚ ਵੀ ਕੋਰੋਨਾ ਵਾਇਰਸ ਫੈਲ ਗਿਆ।