ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਵਿਚ 'ਸਵਿੰਗ ਆਫ ਕਿੰਗ' ਵਜੋਂ ਜਾਣੇ ਜਾਂਦੇ ਇਰਫਾਨ ਪਠਾਨ ਨੇ ਸ਼ਨੀਵਾਰ ਨੂੰ ਕ੍ਰਿਕਟ ਦੇ ਸਾਰੇ ਫ਼ਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸੇਵਾਮੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ।
ਇਹ ਉਨ੍ਹਾਂ ਲਈ ਭਾਵਨਾਤਮਕ ਪਲ ਹੈ, ਪਰ ਇਹ ਅਜਿਹਾ ਪਲ ਹੈ, ਜੋ ਹਰ ਖਿਡਾਰੀ ਦੇ ਜੀਵਨ ਵਿਚ ਆਉਂਦਾ ਹੈ। ਉਹ ਇਕ ਛੋਟੀ ਜਿਹੀ ਥਾਂ ਤੋਂ ਹਨ ਤੇ ਉਨ੍ਹਾਂ ਨੂੰ ਸਚਿਨ ਤੇਂਦੁਲਕਰ ਤੇ ਸੌਰਭ ਗਾਂਗੁਲੀ ਵਰਗੇ ਮਹਾਨ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਿਆ, ਜਿਸ ਦੀ ਹਰ ਕਿਸੇ ਨੂੰ ਚਾਹਤ ਹੁੰਦੀ ਹੈ।
ਇਸ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਟੀਮ ਦੇ ਸਾਰੇ ਮੈਂਬਰਾਂ, ਕੋਚਾਂ, ਸਪੋਰਟ ਸਟਾਫ਼ ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, 'ਮੈਂ ਉਨ੍ਹਾਂ ਸਾਰੇ ਟੀਮ ਦੇ ਸਾਥੀਆਂ, ਕੋਚਾਂ ਤੇ ਖੇਡ ਸਟਾਫ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਹਮੇਸ਼ਾਂ ਮੇਰਾ ਸਮਰਥਨ ਕੀਤਾ। ਮੈਂ ਖੇਡ ਨੂੰ ਅਧਿਕਾਰਤ ਤੌਰ 'ਤੇ ਛੱਡ ਰਿਹਾ ਹਾਂ, ਜਿਸ ਨੂੰ ਮੈਂ ਸਭ ਤੋਂ ਜ਼ਿਆਦਾ ਪਸੰਦ ਕਰਦਾ ਹਾਂ।'
ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਇਰਫ਼ਾਨ ਭਾਵੁਕ ਹੋ ਗਏ। ਤੁਹਾਨੂੰ ਦੱਸ ਦਈਏ ਕਿ ਇਰਫ਼ਾਨ ਨੇ ਆਪਣਾ ਆਖ਼ਰੀ ਅੰਤਰਰਾਸ਼ਟਰੀ ਕ੍ਰਿਕਟ 2 ਅਕਤੂਬਰ, 2012 ਨੂੰ ਦੱਖਣੀ ਅਫਰੀਕਾ ਦੇ ਵਿਰੁੱਧ ਖੇਡਿਆ ਸੀ, ਜੋ ਟੀ -20 ਸੀ।