ਨਵੀਂ ਦਿੱਲੀ: ਆਈਆਰਸੀਟੀਸੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ 17 ਅਕਤੂਬਰ ਤੋਂ ਨਿੱਜੀ ਤੇਜਸ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰ ਰਹੀ ਹੈ। ਤੇਜਸ ਐਕਸਪ੍ਰੈਸ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸੱਤ ਮਹੀਨਿਆਂ ਤੋਂ ਬੰਦ ਹੈ।
ਕੰਪਨੀ ਨੇ ਕਿਹਾ ਕਿ ਲਖਨਊ-ਨਵੀਂ ਦਿੱਲੀ ਅਤੇ ਅਹਿਮਦਾਬਾਦ-ਮੁੰਬਈ ਮਾਰਗਾਂ 'ਤੇ ਇਨ੍ਹਾਂ ਰੇਲ ਗੱਡੀਆਂ ਦਾ ਸੰਚਾਲਨ 17 ਅਕਤੂਬਰ ਤੋਂ ਮੁੜ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਟਰੇਨ ਵਿਚਲੇ ਲੋਕਾਂ ਦਰਮਿਆਨ ਸੁਰੱਖਿਅਤ ਦੂਰੀ ਨੂੰ ਯਕੀਨੀ ਬਣਾਉਣ ਲਈ ਇੱਕ ਇੱਕ ਸੀਟ ਖ਼ਾਲੀ ਰੱਖੀ ਜਾਵੇਗੀ। ਯਾਤਰੀਆਂ ਦੇ ਰੇਲ ਗੱਡੀ ਵਿੱਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਚੈੱਕ ਕੀਤਾ ਜਾਵੇਗਾ। ਇੱਕ ਵਾਰ ਸੀਟ ਉੱਤੇ ਬੈਠਣ ਤੋਂ ਬਾਅਦ, ਯਾਤਰੀਆਂ ਨੂੰ ਸੀਟ ਬਦਲਣ ਦੀ ਆਗਿਆ ਨਹੀਂ ਹੋਵੇਗੀ।
ਆਈਆਰਸੀਟੀਸੀ ਨੇ ਕਿਹਾ ਕਿ ਕੋਵਿਡ -19 ਬਚਾਅ ਕਿੱਟ ਸਾਰੇ ਯਾਤਰੀਆਂ ਨੂੰ ਮੁਹੱਈਆ ਕਰਵਾਈ ਜਾਏਗੀ। ਇਸ ਕਿੱਟ ਵਿੱਚ ਹੈਂਡ ਸੈਨੇਟਾਈਜ਼ਰ, ਮਾਸਕ, ਫੇਸ ਸ਼ੀਲਡ ਅਤੇ ਦਸਤਾਨੇ ਹੋਣਗੇ। ਰੇਲ ਦੇ ਸਾਰੇ ਡੱਬੇ ਬਾਕਾਇਦਾ ਸਾਫ਼ ਕੀਤੇ ਜਾਣਗੇ। ਰੇਲ ਦੇ ਕਰਮਚਾਰੀ ਯਾਤਰੀਆਂ ਦੇ ਸਮਾਨ ਨੂੰ ਵੀ ਸੈਨੇਟਾਈਜ਼ ਕਰਨਗੇ।
ਉਨ੍ਹਾਂ ਕਿਹਾ, "ਮੁਸਾਫ਼ਿਰਾਂ ਅਤੇ ਕਰਮਚਾਰੀਆਂ ਲਈ ਫ਼ੇਸ ਕਵਰ / ਮਾਸਕ ਦੀ ਵਰਤੋਂ ਲਾਜ਼ਮੀ ਹੋਵੇਗੀ। ਸਾਰੇ ਯਾਤਰੀ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਗੇ ਅਤੇ ਜਦੋਂ ਵੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਦਿਖਾਉਣਗੇ। ਟਿਕਟਾਂ ਦੀ ਬੁਕਿੰਗ ਕਰਨ ਵੇਲੇ ਯਾਤਰੀਆਂ ਨੂੰ ਵਿਸਥਾਰਿਤ ਨਿਰਦੇਸ਼ ਦਿੱਤੇ ਜਾਣਗੇ।"
ਆਈਆਰਸੀਟੀਸੀ ਦੁਆਰਾ ਸੰਚਾਲਿਤ ਤੀਜੀ ਪ੍ਰਾਈਵੇਟ ਰੇਲ ਗੱਡੀ ਕਾਸ਼ੀ ਮਹਾਕਾਲ ਐਕਸਪ੍ਰੈਸ (ਇੰਦੌਰ ਤੋਂ ਵਾਰਾਣਸੀ) ਇਸ ਸਮੇਂ ਆਪਣੀਆਂ ਸੇਵਾਵਾਂ ਸ਼ੁਰੂ ਨਹੀਂ ਕਰੇਗੀ। ਜ਼ਿਕਰਯੋਗ ਹੈ ਕਿ ਤੇਜਸ ਰੇਲ ਗੱਡੀਆਂ ਦਾ ਸੰਚਾਲਨ 19 ਮਾਰਚ ਨੂੰ ਰੋਕ ਦਿੱਤਾ ਗਿਆ ਸੀ।