ਕੋਰੋਨਾ ਕਾਲ 'ਚ ਫ੍ਰਾਂਸ 'ਚ ਮਰੇ ਭਾਰਤੀਆਂ ਦੇ ਪਰਿਵਾਰਾਂ ਦਾ ਸਹਾਰਾ ਇਕਬਾਲ ਸਿੰਘ ਭੱਟੀ
ਫ੍ਰਾਂਸ 'ਚ ਰਹਿੰਦੇ ਇਕਬਾਲ ਸਿੰਘ ਭੱਟੀ ਨੇ ਕੋਰੋਨਾ ਲਾਗ ਨਾਲ ਮਰੇ ਭਾਰਤੀਆਂ ਦੇ ਸਸਕਾਰ ਦੀਆਂ ਰਸਮਾਂ ਵੀ ਕੀਤੀਆਂ ਤੇ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਭਾਰਤ ਪੁੱਜੇ ਹਨ। 8 ਵਿੱਚੋਂ 7 ਲੋਕਾਂ ਦੀ ਮੌਤ ਮਹਾਂਮਾਰੀ ਕਾਰਨ ਹੋਈ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਹੁਣ ਤੱਕ ਕੋਈ ਸੰਪਰਕ ਨਹੀਂ ਕੀਤਾ ਗਿਆ। ਜੇਕਰ ਉਨ੍ਹਾਂ ਦੇ ਪਰਿਵਾਰ ਸੰਪਰਕ ਨਹੀਂ ਕਰਦੇ ਤਾਂ ਚਾਰ ਦਿਨ ਬਾਅਦ ਭੱਟੀ ਆਪ ਕੀਰਤਪੁਰ ਸਾਹਿਬ ਜਾ ਕੇ ਇਨ੍ਹਾਂ ਅਸਥੀਆਂ ਨੂੰ ਜਲ ਪ੍ਰਵਾਹ ਕਰ ਦੇਣਗੇ ਅਤੇ ਜੋ ਰਸਮਾਂ ਇਕ ਮ੍ਰਿਤਕ ਨਾਲ ਨਿਭਾਈਆਂ ਜਾਂਦੀਆਂ ਹਨ ਉਨ੍ਹਾਂ ਨੂੰ ਪੂਰਾ ਕਰਨਗੇ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਨੇ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰਨ ਤੋਂ ਬਾਅਦ ਲੱਖਾਂ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ ਜਿਸ ਵਿੱਚ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਵੀ ਸ਼ਾਮਿਲ ਹਨ। ਅਕਸਰ ਇਹ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਕਿ ਕੋਵਿਡ-19 ਨਾਲ ਮੌਤ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰ ਵੀ ਮ੍ਰਿਤਕ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣਾ ਪਸੰਦ ਨਹੀਂ ਕਰਦੇ ਅਤੇ ਹਸਪਤਾਲ ਦੇ ਕਰਮਚਾਰੀ ਹੀ ਇਹ ਰਸਮਾਂ ਨਿਭਾਉਂਦੇ ਹਨ ਪਰ ਫਰਾਂਸ ਵਿਚ ਇਕ ਅਜਿਹੇ ਵਿਅਕਤੀ ਵੀ ਹਨ ਜੋ ਉਥੇ ਮਹਾਂਮਾਰੀ ਦਾ ਸ਼ਿਕਾਰ ਹੋਏ ਭਾਰਤੀਆਂ ਦਾ ਅੰਤਿਮ ਸਸਕਾਰ ਕਰ ਕੇ ਉਨ੍ਹਾਂ ਦੀਆਂ ਅਸਥੀਆਂ ਭਾਰਤ ਲੈ ਕੇ ਪੁੱਜੇ ਹਨ।