ਦੁਬਈ: ਆਈਪੀਐਲ 2020 ਦੇ ਮੰਗਲਵਾਰ ਨੂੰ ਹੋਏ ਤੀਜੇ ਮੈਚ ਵਿੱਚ ਰਾਇਲ ਚੈਲੰਜ਼ਰ ਬੰਗਲੌਰ ਨੇ ਸਨਰਾਈਜ਼ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲੌਰ ਦੀ ਟੀਮ ਨੇ ਹੈਦਰਾਬਾਦ ਨੂੰ 164 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਸਨਰਾਈਜ਼ ਹੈਦਰਾਬਾਦ 19.4 ਓਵਰਾਂ ਵਿੱਚ 153 ਦੌੜਾਂ ਹੀ ਬਣਾ ਸਕੀ।
ਇਸਤੋਂ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਬੰਗਲੌਰ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡਿਕਲ ਨੇ ਆਪਣੇ ਪਹਿਲੇ ਮੈਚ ਵਿੱਚ ਹੀ 42 ਗੇਂਦਾਂ ਵਿੱਚ ਅਰਧ ਸੈਂਕੜਾ ਠੋਕਦੇ ਹੋਏ 8 ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾ ਕੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਇਸਦੇ ਨਾਲ ਹੀ ਆਸਟ੍ਰੇਲੀਆ ਦੇ ਬੱਲੇਬਾਜ਼ ਐਰੋਨ ਫ਼ਿੰਚ ਨੇ ਬੰਗਲੌਰ ਲਈ 27 ਗੇਂਦਾਂ ਵਿੱਚ 29 ਦੌੜਾਂ ਦਾ ਯੋਗਦਾਨ ਪਾਇਆ। ਦੋਵੇਂ ਸਲਾਮੀ ਬੱਲੇਬਾਜ਼ਾਂ ਪਡਿਕਲ ਤੇ ਫ਼ਿੰਚ ਨੇ ਟੀਮ ਲਈ ਪਹਿਲੀ ਵਿਕਟ ਵੱਜੋਂ 90 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਸ ਵਾਰ ਕਪਤਾਨ ਕੋਹਲੀ ਖ਼ੁਦ ਕੁੱਝ ਜ਼ਿਆਦਾ ਨਾ ਕਰਦੇ ਹੋਏ 14 ਦੌੜਾਂ ਹੀ ਬਣਾ ਸਕੇ। ਪਰ ਟੀਮ ਨੂੰ ਤਜ਼ਰਬੇਕਾਰ ਏ.ਬੀ. ਡਿਵੀਲੀਅਰਜ਼ ਨੇ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ 30 ਗੇਂਦਾਂ ਵਿੱਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਰਧ ਸੈਂਕੜਾ (51 ਦੌੜਾਂ) ਬਣਾਉਂਦੇ ਹੋਏ 163 ਦੌੜਾਂ 'ਤੇ ਪਹੁੰਚਾਇਆ।