ਨਵੀਂ ਦਿੱਲੀ : ਰਾਜਧਾਨੀ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿੱਚ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਤੇ ਵੇਖ ਕੇ ਹਰ ਕੋਈ ਹੈਰਾਨ ਹੈ। ਇਥੇ ਇੱਕ 11 ਮਹੀਨੇ ਦੀ ਬੱਚੀ ਨੂੰ ਇਲਾਜ ਲਈ ਲਿਆਂਦਾ ਗਿਆ। ਬੱਚੀ ਦੇ ਪੈਰ 'ਚ ਫ੍ਰੈਕਚਰ ਹੋਣ ਕਾਰਨ ਪਲਾਸਟ ਕੀਤਾ ਜਾਣਾ ਸੀ ਪਰ ਡਾਕਟਰਾਂ ਨੂੰ ਪਹਿਲਾਂ ਉਸ ਦੀ ਗੁੱਡੀ ਦਾ ਪਲਾਸਟਰ ਕਰਨਾ ਪਿਆ। ਗੁੱਡੀ ਦਾ ਪਲਾਸਟਰ ਹੋਣ ਤੋਂ ਬਾਅਦ ਹੀ ਬੱਚੀ ਦਾ ਪਲਾਸਟਰ ਹੋ ਸਕੀਆ।
11 ਮਹੀਨੇ ਦੀ ਇਸ ਮਾਸੂਮ ਬੱਚੀ ਨੂੰ ਆਪਣੀ ਗੁੱਡੀ ਨਾਲ ਖ਼ਾਸ ਲਗਾਵ ਸੀ। ਜਦੋਂ ਡਾਕਟਰਾਂ ਨੇ ਗੁੱਡੀ ਦਾ ਪਲਾਸਟਰ ਕੀਤਾ ਉਸ ਤੋਂ ਬਾਅਦ ਮਾਸੂਮ ਬੱਚੀ ਆਪਣੇ ਪੈਰ 'ਚ ਪਲਾਸਟਰ ਕਰਵਾਉਣ ਲਈ ਤਿਆਰ ਹੋਈ। ਡਾਕਟਰਾਂ ਨੇ ਗੁੱਡੀ ਨੂੰ ਵੀ ਉਸੇ ਤਰੀਕੇ ਨਾਲ ਪਲਾਸਟਰ ਕੀਤਾ ਹੈ ਜਿਵੇਂ ਕਿ ਬੱਚੀ ਦੇ ਪੈਰਾਂ ਵਿੱਚ ਕੀਤਾ ਹੈ।
ਡਾਕਟਰਾਂ ਨੇ ਕਿੰਝ ਕੀਤਾ ਅਨੋਖੇ ਤਰੀਕੇ ਨਾਲ ਇਲਾਜ :
ਹੱਡੀਆਂ ਦੇ ਮਾਹਿਰ ਡਾ. ਅੱਤੁਲ ਗੁਪਤਾ ਨੇ ਦੱਸਿਆ ਕਿ ਬੱਚੀ ਦਾ ਪਰਿਵਾਰ ਦਰਿਆਗੰਜ ਦਾ ਵਸਨੀਕ ਹੈ। 11 ਮਹੀਨੇ ਦੀ ਮਾਸੂਮ ਬੱਚੀ ਫਰੀਨ ਨੂੰ ਖੇਡਦੇ ਹੋਏ ਬੈਡ ਤੋਂ ਹੇਠਾਂ ਡਿੱਗ ਗਈ ਸੀ, ਜਿਸ ਤੋਂ ਬਾਅਦ ਉਸ ਦੇ ਦੋਹਾਂ ਪੈਰਾਂ ਵਿੱਚ ਫ੍ਰੈਕਚਰ ਹੋ ਗਿਆ। ਇਲਾਜ ਦੇ ਦੌਰਾਨ ਬੱਚੀ ਕਾਫੀ ਰੋ ਰਹੀ ਸੀ। ਜਿਸ ਕਾਰਨ ਡਾਕਟਰੀ ਟੀਮ ਨੂੰ ਉਸ ਦੇ ਪੈਰ ਵਿੱਚ ਪਲਾਸਟਰ ਕਰਨ ਵਿੱਚ ਮੂਸ਼ਕਲ ਆ ਰਹੀ ਸੀ। ਇਸ ਵਿਚਾਲੇ ਬੱਚੀ ਨੇ ਗੁੱਡੀ ਦੀ ਮੰਗ ਕੀਤੀ। ਪਰਿਵਾਰ ਵੱਲੋਂ ਗੁੱਡੀ ਲਿਆ ਕੇ ਦੇਣ 'ਤੇ ਬੱਚੀ ਖੁਸ਼ ਹੋ ਗਈ।