ਪੰਜਾਬ

punjab

ETV Bharat / bharat

71 ਦੀ ਲੜਾਈ 'ਚ ਇਸ ਜਨਰਲ ਨੇ ਪਾਕਿਸਤਾਨੀ ਫ਼ੌਜ ਤੋਂ ਟਿਕਵਾਏ ਸੀ ਗੋਡੇ - latest news

ਅੱਜ ਫ਼ੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਬਰਸੀ ਹੈ। ਸੈਮ ਮਨੇਕਸ਼ਾ ਦੀ ਅਗਵਾਈ ਹੇਠ 1971 ਦੀ ਲੜਾਈ ਵਿੱਚ ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ।

ਫ਼ਾਈਲ ਫ਼ੋਟੋ।

By

Published : Jun 27, 2019, 3:14 PM IST

ਚੰਡੀਗੜ੍ਹ: ਸੰਨ 1971 'ਚ ਭਾਰਤ-ਪਾਕਿਸਤਾਨ ਯੁੱਧ ਦੇ ਹੀਰੋ ਮੰਨੇ ਜਾਣ ਵਾਲੇ ਫ਼ੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਅੱਜ ਬਰਸੀ ਹੈ। 27 ਜੂਨ 2008 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਮਨੇਕਸ਼ਾ ਦੀ ਬਦੌਲਤ ਹੀ ਭਾਰਤੀ ਫ਼ੌਜ ਨੇ 14 ਦਿਨਾਂ 'ਚ ਪਾਕਿਸਤਾਨੀ ਫ਼ੌਜ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸੈਮ ਮਾਨੇਕਸ਼ਾ ਨੂੰ ਸ਼ਰਧਾਂਜਲੀ ਦਿੱਤੀ ਹੈ।

ਸੈਮ ਮਾਨੇਕਸ਼ਾ ਦਾ ਜਨਮ ਅੰਮ੍ਰਿਤਸਰ 'ਚ ਹੋਇਆ ਅਤੇ ਉਨ੍ਹਾਂ ਦਾ ਪੂਰਾ ਨਾਂਅ ਸੈਮ ਹੋਰਮੂਜ਼ਜੀ ਫਰਾਮਜੀ ਜਮਸ਼ੇਦਜੀ ਮਾਨੇਕਸ਼ਾ ਸੀ ਪਰ ਉਨ੍ਹਾਂ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸੈਮ ਕਹਿ ਕੇ ਹੀ ਬੁਲਾਉਂਦੇ ਸਨ। ਉਨ੍ਹਾਂ ਨੂੰ ਸੈਮ ਬਹਾਦਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ।

ਦੇਸ਼ ਦੇ ਦੂਜੇ ਫ਼ੀਲਡ ਮਾਰਸ਼ਲ ਬਣੇ ਸੈਮ
ਸਾਲ 1932 ਵਿੱਚ ਸੈਮ ਮਾਨੇਕਸ਼ਾ ਨੂੰ ਇੰਡੀਅਨ ਮਿਲਟਰੀ ਅਕੈਡਮੀ 'ਚ ਚੁਣਿਆ ਗਿਆ। ਉਹ ਅਕੈਡਮੀ 'ਚ ਪਹਿਲੇ ਬੈਚ ਦੇ ਮੈਂਬਰ ਸਨ। ਨੌਕਰੀ ਮਿਲਣ ਦੇ 37 ਸਾਲ ਬਾਅਦ ਉਨ੍ਹਾਂ ਨੂੰ ਆਜ਼ਾਦ ਭਾਰਤ ਦੀ ਫ਼ੌਜ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ। ਸਾਲ 2969 ਵਿੱਚ ਉਹ ਆਰਮੀ ਚੀਫ਼ ਦੇ ਅਹੁਦੇ 'ਤੇ ਨਿਯੁਕਤ ਹੋਏ।

1971 ਦੀ ਲੜਾਈ ਵਿੱਚ ਉਨ੍ਹਾਂ ਪਾਕਿਸਤਾਨੀ ਫ਼ੌਜ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਸੀ। 1973 ਵਿੱਚ ਰਿਟਾਇਰ ਹੋਣ ਤੋਂ ਇੱਕ ਰਾਤ ਪਹਿਲਾਂ ਉਨ੍ਹਾਂ ਨੂੰ ਫ਼ੀਲਡ ਮਾਰਸ਼ਲ ਦਾ ਅਹੁਦਾ ਦੇ ਦਿੱਤਾ ਗਿਆ ਸੀ। ਉਹ ਦੂਜੇ ਅਜਿਹੇ ਵਿਅਕਤੀ ਸਨ ਜੋ ਫ਼ੀਲਡ ਮਾਰਸ਼ਲ ਦੇ ਅਹੁਦੇ 'ਤੇ ਪੁੱਜੇ ਸਨ।

7 ਗੋਲ਼ੀਆਂ ਲੱਗਣ ਦੇ ਬਾਵਜੂਦ ਬਚ ਗਏ ਸਨ ਸੈਮ
ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ 'ਚ ਜਪਾਨੀ ਫ਼ੌਜੀ ਨੇ ਆਪਣੀ ਮਸ਼ੀਨਗਨ ਨਾਲ ਸੈਮ ਮਾਨੇਕਸ਼ਾ ਨੂੰ ਸੱਤ ਗੋਲ਼ੀਆਂ ਮਾਰੀਆਂ ਜੋ ਕਿ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕੀਆਂ। ਡਾਕਟਰਾਂ ਨੂੰ ਵੀ ਯਕੀਨ ਨਹੀਂ ਸੀ ਕਿ ਉਹ ਬਚ ਜਾਣਗੇ। ਗੋਲ਼ੀਆਂ ਉਨ੍ਹਾਂ ਦੀਆਂ ਅੰਤੜੀਆਂ, ਗੁਰਦੇ ਅਤੇ ਜਿਗਰ ਚ ਵੱਜੀਆਂ ਸਨ ਜਿਸ ਕਾਰਨ ਉਨ੍ਹਾਂ ਦੀ ਅੰਤੜੀ ਦਾ ਖ਼ਰਾਬ ਹਿੱਸਾ ਕੱਢ ਦਿੱਤਾ ਗਿਆ ਸੀ।

ਸੈਮ ਨੇ ਕੀਤਾ ਸੀ ਇੰਦਰਾ ਗਾਂਧੀ ਦਾ ਵਿਰੋਧ
ਪੂਰਬੀ ਪਾਕਿਸਤਾਨ ਨੂੰ ਲੈ ਕੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਾਫ਼ੀ ਚਿੰਤਾ ਸੀ ਅਤੇ ਉਨ੍ਹਾਂ ਇੱਕ ਐਮਰਜੇਂਸੀ ਬੈਠਕ ਬੁਲਾ ਕੇ ਆਪਣੀ ਚਿੰਤਾ ਜ਼ਾਹਰ ਕੀਤੀ। ਸੈਮ ਵੀ ਉਸ ਬੈਠਕ ਵਿੱਚ ਸ਼ਾਮਲ ਸਨ। ਇੰਦਰਾ ਗਾਂਧੀ ਨੇ ਸੈਮ ਨੂੰ ਪੂਰਬੀ ਪਾਕਿਸਤਾਨ 'ਚ ਯੁੱਧ 'ਤੇ ਜਾਣ ਲਈ ਕਿਹਾ ਪਰ ਉਨ੍ਹਾਂ ਇੰਦਰਾ ਗਾਂਧੀ ਨੂੰ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਜੇ ਯੁੱਧ ਲਈ ਤਿਆਰ ਨਹੀਂ ਹਨ ਤੇ ਨਾ ਹੀ ਯੁੱਧ ਲਈ ਸਹੀ ਸਮਾਂ ਹੈ, ਇਸੇ ਲਈ ਯੁੱਧ ਨਹੀਂ ਹੋਵੇਗਾ।

ਦੱਸ ਦਈਏ ਕਿ ਉਨ੍ਹਾਂ ਦੀ ਬਰਸੀ ਮੌਕੇ ਬਾਲੀਵੁੱਡ ਨਿਰਦੇਸ਼ਕ ਮੇਘਨਾ ਗੁਲਜਾਰ ਨੇ ਫ਼ੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਵਿੱਚ ਅਦਾਕਾਰ ਵਿੱਕੀ ਕੌਸ਼ਲ, ਸੈਮ ਮਾਨੇਕਸ਼ਾ ਦੀ ਭੂਮਿਕਾ ਨਿਭਾਉਣਗੇ।

ABOUT THE AUTHOR

...view details