ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਮਾਲਦੀਵ ਵਿੱਚ ਫਸੇ 698 ਭਾਰਤੀਆਂ ਨੂੰ ਲੈ ਕੇ ਸਮੁੰਦਰੀ ਫੌਜ ਦਾ ਆਈਐਨਐਸ ਜਲਸ਼ਵਾ ਮਾਲੀ ਤੋਂ ਕੋਚੀ ਲਈ ਰਵਾਨਾ ਹੋ ਗਿਆ ਹੈ। 698 ਯਾਤਰੀਆਂ ਵਿਚ 19 ਗਰਭਵਤੀ ਔਰਤਾਂ ਅਤੇ 14 ਬੱਚੇ ਸ਼ਾਮਲ ਹਨ।
ਜਹਾਜ਼ ਵਿੱਚ ਸਭ ਤੋਂ ਪਹਿਲਾਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਚੜ੍ਹਾਇਆ ਗਿਆ। ਇਸ ਵਿੱਚ 595 ਪੁਰਸ਼ ਅਤੇ 103 ਔਰਤਾਂ ਹਨ। ਇਹ ਜੰਗੀ ਜਹਾਜ਼ 10 ਮਈ ਨੂੰ ਕੋਚੀ ਪਹੁੰਚੇਗਾ। ਦੂਜਾ ਜੰਗੀ ਜਹਾਜ਼ ਆਈਐਨਐਸ ਮਗਰ ਵੀ ਮਾਲੇ ਦੇ ਰਸਤੇ ਵਿੱਚ ਹੈ। ਉਹ ਵੀ ਮਾਲੇ ਤੋਂ 250 ਤੋਂ 300 ਯਾਤਰੀਆਂ ਨਾਲ ਭਾਰਤ ਆਵੇਗਾ।
ਇਸ ਤੋਂ ਪਹਿਲਾਂ ਮਾਲੇ ਪਹੁੰਚਣ 'ਤੇ ਆਈਐਨਐਸ ਜਲਸ਼ਵਾ ਜੰਗੀ ਸਮੁੰਦਰੀ ਜ਼ਹਾਜ਼ ਦੀ ਪੂਰੀ ਤਰ੍ਹਾਂ ਸਫਾਈ ਕਰ ਦਿੱਤੀ ਗਈ ਸੀ। ਅਜਿਹੇ ਪ੍ਰਬੰਧ ਕੀਤੇ ਗਏ ਸਨ ਜਿਸ ਵਿੱਚ ਲੋਕ ਸਮਾਜਿਕ ਦੂਰੀ ਦਾ ਪਾਲਣ ਕਰਕੇ ਆ ਸਕਣ।
ਜੰਗੀ ਜਹਾਜ਼ 'ਤੇ ਰਾਹਤ ਦੇ ਨਾਲ-ਨਾਲ ਡਾਕਟਰੀ ਸਮੱਗਰੀ ਵੀ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਸਮਾਜਿਕ ਦੂਰੀ ਅਤੇ ਡਾਕਟਰੀ ਸਹੂਲਤਾਂ ਦੇ ਕਾਰਨ, ਨੇਵੀ ਪਹਿਲੇ ਬੈਚ ਵਿੱਚ ਸਿਰਫ 1000 ਲੋਕਾਂ ਨੂੰ ਮਾਲੇ ਤੋਂ ਲੈ ਕੇ ਆਵੇਗਾ। ਵੈਸੇ ਮਾਲਦੀਵ ਵਿੱਚ ਲਗਭਗ 3,500 ਭਾਰਤੀ ਲੋਕ ਫਸੇ ਹੋਏ ਹਨ।
ਨੇਵੀ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਲਈ ਆਪ੍ਰੇਸ਼ਨ ਸਮੁੰਦਰ ਸੇਤੂ ਦੀ ਸ਼ੁਰੂਆਤ ਕੀਤੀ ਹੈ। ਇਸ ਸਮੇਂ ਇਸ ਕੰਮ ਵਿਚ ਦੋ ਜੰਗੀ ਜਹਾਜ਼ ਤਾਇਨਾਤ ਕੀਤੇ ਗਏ ਹਨ, ਪਰ ਨੇਵੀ ਦਾ ਕਹਿਣਾ ਹੈ ਕਿ ਇਸ ਦੇ ਬਹੁਤ ਸਾਰੇ ਜੰਗੀ ਜਹਾਜ਼ ਫਸੇ ਲੋਕਾਂ ਨੂੰ ਵਿਦੇਸ਼ਾਂ ਤੋਂ ਲਿਆਉਣ ਲਈ ਤਿਆਰ ਹੈ। ਜਦੋਂ ਵੀ ਉਸ ਨੂੰ ਸਰਕਾਰ ਤੋਂ ਹਰੀ ਝੰਡੀ ਮਿਲੇਗੀ ਉਹ ਲੋਕਾਂ ਨੂੰ ਆਪਣੇ ਜੰਗੀ ਜਹਾਜ਼ ਵਿਚ ਸੁਰੱਖਿਅਤ ਲੈ ਕੇ ਆਉਂਣਗੇ।
ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਤਾਲਾਬੰਦੀ ਕੀਤੀ ਗਈ ਹੈ। ਤਾਲਾਬੰਦੀ ਦਾ ਤੀਜਾ ਪੜਾਅ ਭਾਰਤ ਵਿਚ ਚੱਲ ਰਿਹਾ ਹੈ। ਭਾਰਤ ਸਰਕਾਰ ਦੂਜੇ ਰਾਜਾਂ ਵਿੱਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾ ਰਹੀ ਹੈ। ਇੰਨਾ ਹੀ ਨਹੀਂ, ਸਰਕਾਰ ਨੇ ਦੂਜੇ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ‘ਵੰਦੇ ਭਾਰਤ’ ਅਤੇ ਆਪ੍ਰੇਸ਼ਨ ‘ਸਮੁੰਦਰ ਸੇਤੂ’ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।