ਨਵੀਂ ਦਿੱਲੀ: ਰਾਜਧਾਨੀ ਦੇ ਸ਼ਾਹੀਨ ਬਾਗ਼ ਵਿੱਚ ਹੋ ਰਹੇ ਪ੍ਰਦਰਸ਼ਨ ਦੌਰਾਨ ਇੱਕ ਚਾਰ ਮਹੀਨਿਆਂ ਦੇ ਬੱਚੇ (ਮੁਹੰਮਦ) ਦੀ ਮੌਤ ਹੋ ਗਈ ਹੈ। ਮੁਹੰਮਦ ਦੀ ਮੌਤ ਠੰਢ ਲੱਗਣ ਨਾਲ ਹੋਣ ਦੀ ਜਾਣਕਾਰੀ ਮਿਲੀ ਹੈ।
ਚਾਰ ਮਹੀਨਿਆਂ ਦੇ ਮੁਹੰਮਦ ਨੂੰ ਉਸ ਦੀ ਮਾ ਨਾਜ਼ੀਆ ਰੋਜ਼ ਸ਼ਾਹੀਨ ਬਾਗ਼ ਵਿੱਚ ਪ੍ਰਦਰਸ਼ਨ ਲਈ ਲਿਆਉਂਦੀ ਸੀ ਜਿੱਥੇ ਪ੍ਰਦਰਸ਼ਨਕਾਰੀ ਉਸ ਨੂੰ ਆਪਣੀ ਗੋਦ ਵਿੱਚ ਬਿਠਾਉਂਦੇ ਸੀ ਅਤੇ ਅਕਸਰ ਹੀ ਉਸ ਦੀਆਂ ਗੱਲ੍ਹਾਂ ਤੇ ਤਿਰੰਗੇ ਦਾ ਚਿੱਤਰ ਬਣਾ ਦਿੰਦੇ ਸੀ ਪਰ ਉਸ ਚਾਰ ਮਹੀਨਿਆਂ ਦੇ ਮਾਸੂਮ ਦੀ ਠੰਢ ਨਾਲ ਮੌਤ ਹੋ ਗਈ ਹੈ।
ਮੁਹੰਮਦ ਨੂੰ ਸ਼ਾਹੀਨ ਬਾਗ਼ ਵਿੱਚ ਪ੍ਰਦਰਸ਼ਨ ਦੌਰਾਨ ਠੰਢ ਲੱਗ ਗਈ ਜਿਸ ਨਾਲ ਉਸ ਜ਼ੁਕਾਮ ਅਤੇ ਛਾਤੀ ਵਿੱਚ ਜਕੜਨ ਹੋ ਗਈ ਜਿਸ ਕਰਕੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਲਈ ਦੱਸ ਦਈਏ ਕਿ ਮੁਹੰਮਦ ਦੇ ਪਰਿਵਾਰ ਵਾਲੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਲ ਨਾਲ ਹੁੰਦਾ ਹੈ। ਮੁਹੰਮਦ ਤੋਂ ਬਿਨਾਂ ਉਨ੍ਹਾਂ ਦੇ ਦੋ ਹੋਰ ਬੱਚੇ ਹਨ। ਮੁਹੰਮਦ ਦੇ ਪਿਤਾ ਆਰਿਫ਼ ਕਢਾਈ ਦਾ ਕੰਮ ਕਰਦੇ ਹਨ। ਮੁਹੰਮਦ ਦੀ ਮਾਂ 18 ਦਸੰਬਰ ਤੋਂ ਰੋਜ਼ਾਨਾ ਸ਼ਾਹੀਨ ਬਾਗ਼ ਵਿੱਚ ਹੋ ਰਹੇ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੀ ਸੀ।
ਇਸ ਤੋਂ ਸਾਰੇ ਜਾਣੂ ਹੋ ਹੀ ਗਏ ਹਨ ਕਿ ਦਿੱਲੀ ਦਾ ਸ਼ਾਹੀਨ ਬਾਗ਼ ਇਲਾਕੇ ਵਿੱਚ ਬਹੁ ਗਿਣਤੀ ਵਿੱਚ ਲੋਕ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਜਿਸ ਨੂੰ ਲੈ ਕੇ ਹੁਣ ਦਿੱਲੀ ਦੀ ਸਿਆਸਤ ਵੀ ਚੋਟੀ 'ਤੇ ਹੈ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਇਸ ਵੇਲੇ ਇਸ ਮੁੱਦੇ 'ਤੇ ਹੀ ਖੜ੍ਹੀਆਂ ਹਨ ਪਰ ਇੱਥੇ ਇਹ ਸੋਚਣ ਵਾਲੀ ਹੈ ਆਖ਼ਰ ਇਸ ਵਿੱਚ ਮੁਹੰਮਦ ਦਾ ਕੀ ਕਸੂਰ ਸੀ ਜੋ ਇਸ ਦੁਨੀਆਂ ਨੂੰ ਸਹੀ ਢੰਗ ਨਾਲ ਵੇਖੇ ਬਿਨਾਂ ਤੋਂ ਰੁਖਸਤ ਹੋ ਗਿਆ।