ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਚੀਨ ਨਾਲ ਜਾਰੀ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਯਾਨੀ ਅੱਜ ਸ਼ਾਮ 5 ਵਜੇ ਇੱਕ ਸਰਬ ਪਾਰਟੀ ਬੈਠਕ ਕਰਨਗੇ। ਹੈ। ਇਸ ਵਰਚੁਅਲ ਮੀਟਿੰਗ ਵਿੱਚ ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਭਾਗ ਲੈਣਗੇ। ਬੈਠਕ ਵਿੱਚ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ 'ਤੇ ਵਿਚਾਰ ਕੀਤਾ ਜਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਸ਼ਾਮ ਨੂੰ ਸੱਦੇ ਗਏ ਸਾਰੇ ਧਿਰਾਂ ਦੇ ਪ੍ਰਧਾਨਾਂ ਨਾਲ ਗੱਲਬਾਤ ਕੀਤੀ।
ਹਾਲਾਂਕਿ, ਇਸ ਬੈਠਕ 'ਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ), ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਅਸਦੁਦੀਨ ਓਵੈਸੀ ਦੀ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏਆਈਐਮਆਈਐਮ) ਨੂੰ ਹਾਲੇ ਸੱਦਾ ਨਹੀਂ ਦਿੱਤਾ ਗਿਆ ਹੈ।
ਅਜੇ ਤੱਕ ਸੱਦਾ ਨਾ ਮਿਲਣ 'ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਨੇ ਟਵੀਟ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਲਿਖਿਆ, 'ਕੇਂਦਰ ਵਿੱਚ ਇੱਕ ਅਜੀਬ ਹਉਮੈ ਭਰੀ ਸਰਕਾਰ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਸਰਕਾਰ ਹੈ, ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਹੈ, ਇਸ ਦੇ 4 ਸੰਸਦ ਮੈਂਬਰ ਹਨ। ਪਰ ਭਾਜਪਾ ਕਿਸੇ ਮਹੱਤਵਪੂਰਨ ਵਿਸ਼ੇ ‘ਤੇ ‘ਆਪ’ ਦੀ ਰਾਏ ਨਹੀਂ ਚਾਹੁੰਦੀ। ਪ੍ਰਧਾਨ ਮੰਤਰੀ ਮੀਟਿੰਗ ਵਿੱਚ ਕੀ ਕਹਿਣਗੇ, ਪੂਰਾ ਦੇਸ਼ ਇੰਤਜ਼ਾਰ ਕਰ ਰਿਹਾ ਹੈ।'