ਨਵੀਂ ਦਿੱਲੀ: ਡਰੱਗ ਨਿਰਮਾਤਾ ਜ਼ਾਇਡਸ ਕੈਡੀਲਾ ਨੇ ਜਾਣਕਾਰੀ ਦਿੱਤੀ ਹੈ ਕਿ ਉਸਨੇ ਆਪਣੇ ਕੋਵਿਡ-19 ਟੀਕਾ ਜ਼ਾਈਕੋਵ-ਡੀ ਲਈ ਮਨੁੱਖੀ ਟੈਸਟ ਸ਼ੁਰੂ ਕਰ ਦਿੱਤੇ ਹਨ। ਇਹ ਟੈਸਟ ਕਈ ਪੜਾਵਾਂ ਵਿੱਚ ਹੋਵੇਗਾ। ਇਸ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 1000 ਲੋਕ ਸ਼ਾਮਲ ਕੀਤੇ ਜਾਣਗੇ।
ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਟੈਸਟ ਦਾ ਪਹਿਲਾ ਪੜਾਅ (ਅਨੁਕੂਲ ਪੜਾਅ I / II) ਸ਼ੁਰੂ ਹੋ ਗਿਆ ਹੈ। ਇਸ ਮਿਆਦ ਦੇ ਦੌਰਾਨ ਟੀਕੇ ਦੀ ਖੁਰਾਕ ਹੌਲੀ ਹੌਲੀ ਵਧਾਈ ਜਾਏਗੀ ਅਤੇ ਅਧਿਐਨ ਇਹ ਨਿਰਧਾਰਤ ਕਰੇਗਾ ਕਿ ਟੀਕਾ ਕਿੰਨਾ ਸੁਰੱਖਿਅਤ ਅਤੇ ਸਹਿਣਸ਼ੀਲ ਹੈ। ਇਮਿਊਨਿਟੀ ਵੀ ਅਧਿਐਨ ਦਾ ਮੁੱਖ ਬਿੰਦੂ ਹੋਵੇਗੀ।
ਇਸ ਮਹੀਨੇ ਦੇ ਸ਼ੁਰੂ ਵਿੱਚ ਜ਼ਾਇਡਸ ਕੈਡੀਲਾ ਨੂੰ ਮਨੁੱਖੀ ਟੈਸਟ ਲ਼ਈ ਮੰਜ਼ੂਰੀ ਮਿਲੀ ਸੀ। ਜ਼ਾਇਡਸ ਕੋਰੋਨਾ ਟੀਕੇ ਦਾ ਟੈਸਟ ਕਰਨ ਵਾਲੀ ਦੂਜੀ ਭਾਰਤੀ ਕੰਪਨੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਸੀ ਕਿ ਕੋਵਿਡ-19 ਟੀਕੇ ਦੇ ਦੇਸ਼ ਵਿੱਚ ਮਨੁੱਖੀ ਟੈਸਟ ਸ਼ੁਰੂ ਹੋ ਗਏ ਹਨ। ਦੇਸ਼ ਵਿੱਚ ਵਿਕਸਤ ਦੋ ਟੀਕਿਆਂ ਦੇ ਟੈਸਟ ਵਿੱਚ ਤਕਰੀਬਨ ਇੱਕ ਹਜ਼ਾਰ ਵਲੰਟੀਅਰ ਹਿੱਸਾ ਲੈ ਰਹੇ ਹਨ।
ਆਈਸੀਐਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਦੇਸ਼ ਵਿੱਚ ਵਿਕਸਤ ਦੋ ਟੀਕਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਉਂਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟੀਕਾ ਨਿਰਮਾਤਾ ਹੈ, ਇਸ ਲਈ ਕੋਰੋਨਾ ਵਾਇਰਸ ਦੇ ਫੈਲਣ ਦੀ ਲੜੀ ਨੂੰ ਤੋੜਣ ਲਈ ਟੀਕਾ ਵਿਕਾਸ ਪ੍ਰਕਿਰਿਆ ਨੂੰ ਤੇਜ਼ ਕਰਨਾ ਦੇਸ਼ ਦੀ 'ਨੈਤਿਕ ਜ਼ਿੰਮੇਵਾਰੀ' ਹੈ।
ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਪਹਿਲੇ ਅਤੇ ਦੂਜੇ ਪੜਾਅ ਦੇ ਦੋ ਟੀਕਿਆਂ ਦੇ ਮਨੁੱਖੀ ਟੈਸਟ ਦੀ ਆਗਿਆ ਦੇ ਦਿੱਤੀ ਹੈ। ਇਨ੍ਹਾਂ ਟੀਮਾਂ ਵਿੱਚੋਂ ਇੱਕ ਟੀਕਾ ਆਈਸੀਐਮਆਰ ਦੀ ਮਦਦ ਨਾਲ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਵੱਲੋਂ ਵਿਕਸਤ ਕੀਤਾ ਗਿਆ ਹੈ, ਜਦੋਂ ਕਿ ਦੂਜਾ ਟੀਕਾ ਜ਼ਾਇਡਸ ਕੈਡੀਲਾ ਹੈਲਥਕੇਅਰ ਲਿਮਟਿਡ ਵੱਲੋਂ ਤਿਆਰ ਕੀਤਾ ਗਿਆ ਹੈ।
ਦੱਸ ਦਈਏ ਕਿ ਦੇਸ਼ ਵਿੱਚ 9.36 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਇਨ੍ਹਾਂ ਵਿਚੋਂ 24 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।