ਮਸੂਦ ਅਜ਼ਹਰ ਨੂੰ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨਿਆ ਜਾਵੇਗਾ! - new delhi
ਭਾਰਤ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਕਰਨਗੇ ਚੀਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ। ਮਸੂਦ ਅਜ਼ਹਰ ਨੂੰ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨਣ ਲਈ ਹੋਵੇਗੀ ਚਰਚਾ।
ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਚੀਨ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕਰਨਗੇ।ਇਸ ਮੌਕੇ ਆਪਸੀ ਦਿਲਚਸਪੀ ਤੇ ਹਿਤਾਂ ਵਾਲੇ ਬਹੁਤ ਸਾਰੇ ਮੁੱਦਿਆਂ ਉੱਤੇ ਚਰਚਾ ਹੋਵੇਗੀ। ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਮਸੂਦ ਅਜ਼ਹਰ ਨੂੰ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨਣ ਲਈ ਉਸ ਦਾ ਨਾਂਅ ਸੂਚੀਬੱਧ ਕਰਵਾਉਣਾ ਹੋਵੇਗਾ।
ਸਰਕਾਰੀ ਅਧਿਕਾਰੀਆਂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਗੋਖਲੇ 2 ਦਿਨ ਬੀਜਿੰਗ 'ਚ ਰਹਿਣਗੇ। ਉਨ੍ਹਾਂ ਦਾ ਇਹ ਚੀਨ ਦੌਰਾ ਆਮ ਨਿਯਮਤ ਕੂਟਨੀਤਕ ਸਲਾਹ-ਮਸ਼ਵਰੇ ਦਾ ਹਿੱਸਾ ਹੈ। ਗੋਖਲੇ ਪਹਿਲਾਂ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਉਹ 22 ਅਪ੍ਰੈਲ ਨੂੰ ਕਈ ਮੀਟਿੰਗਾਂ ਕਰਨਗੇ ਤੇ ਉਹ ਉੱਪ ਵਿਦੇਸ਼ ਮੰਤਰੀ ਕੌਂਗ ਜ਼ੁਆਨਯੂ ਨਾਲ ਵੀ ਮੁਲਾਕਾਤ ਕਰਨਗੇ।
ਚੀਨ ਤੋਂ ਬਾਅਦ ਗੋਖਲੇ ਬਰਲਿਨ (ਜਰਮਨੀ) ਜਾਣਗੇ। ਦਰਅਸਲ, ਇਹ ਸਭ ਆਉਂਦੇ ਜੂਨ ਮਹੀਨੇ ਟੋਕੀਓ (ਜਾਪਾਨ) ਵਿਖੇ ਹੋਣ ਵਾਲੇ G-20 ਦੇਸ਼ਾਂ ਦੇ ਸਿਖ਼ਰ-ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਚੀਨ ਦੇ ਰਾਸ਼ਟਰਪਤੀ ਦੀ ਮੁਲਾਕਾਤ ਤੋਂ ਪਹਿਲਾਂ ਦੀਆਂ ਤਿਆਰੀਆਂ ਵਜੋਂ ਹੋ ਰਿਹਾ ਹੈ।