ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਕਾਰ ਹੋਈ ਝੜਪ ਤੋਂ ਸਿਰਫ਼ ਲੱਦਾਖ ਦੀ ਗਲਵਾਨ ਘਾਟੀ ਵਿੱਚ ਹੀ ਨਹੀਂ ਹੋਈ ਸਗੋਂ ਇਸ ਸਾਲ ਮਈ-ਜੂਨ ਵਿੱਚ ਅਸਲ ਕੰਟਰੋਲ ਰੇਖਾ 'ਤੇ ਕਈ ਬਾਰ ਦੋਵੇਂ ਪੱਖ ਆਹਮਣੇ-ਸਾਹਮਣੇ ਆਏ ਹਨ।
ਇਸ ਦੌਰਾਨ ਭਾਰਤ-ਤਿੱਬਤ ਸੀਮਾ ਪੁਲਿਸ ਫੋਰਸ ਦੇ ਜਵਾਨਾਂ ਨੇ ਇੰਡੀਅਨ ਆਰਮੀ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਲੜਾਈ ਲੜੀ ਤੇ ਚੀਨ ਦੀਆਂ ਫ਼ੌਜਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਕੁਝ ਮਾਮਲਿਆਂ ਵਿੱਚ ਇਹ ਝੜਪ 20 ਘੰਟਿਆਂ ਤੱਕ ਚਲੀ। ਆਈਟੀਬੀਪੀ ਨੇ ਸ਼ੁੱਕਰਵਾਰ ਨੂੰ 74ਵੇਂ ਆਜ਼ਾਦੀ ਦਿਹਾੜੇ ਦੀ ਪੂਰਵੀ ਸ਼ਾਮ ‘ਤੇ ਐਲਏਸੀ 'ਤੇ ਹੋਏ ਗਤੀਰੋਧ ਸਬੰਧੀ ਨਵੀਂ ਜਾਣਕਾਰੀ ਦਿੰਦਿਆਂ ਇਹ ਗੱਲ ਕਹੀ।
ਪੂਰਵੀ ਲੱਦਾਖ ਵਿਚ ਚੀਨੀ ਫੌਜਾਂ ਨਾਲ ਝੜਪਾਂ ਦੌਰਾਨ ਬਹਾਦਰੀ ਨਾਲ ਡਟ ਕੇ ਸਾਹਮਣਾ ਕਰਨ ਵਾਲੇ 21 ਜਵਾਨਾਂ ਦੇ ਲਈ ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐਸ ਐਸ ਐਸ. ਦੇਸਵਾਲ ਨੇ ਬਹਾਦਰੀ ਪੁਰਸਕਾਰ ਦੀ ਸਿਫਾਰਸ਼ ਕੀਤੀ ਹੈ।
ਆਈਟੀਬੀਪੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਫੋਰਸ ਦੇ ਡਾਇਰੈਕਟਰ ਜਨਰਲ ਨੇ ਮਈ-ਜੂਨ ਵਿੱਚ ਪੂਰਵੀ ਲੱਦਾਖ ਵਿੱਚ ਚੀਨੀ ਫ਼ੌਜ ਦਾ ਬਹਾਦਰੀ ਨਾਲ ਡਟ ਕੇ ਸਾਹਮਣਾ ਕਰਨ ਵਾਲੇ 21 ਜਵਾਨਾਂ ਲਈ ਬਹਾਦਰੀ ਦੇ ਮੈਡਲ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ, 294 ਆਈਟੀਬੀਪੀ ਜਵਾਨਾਂ ਨੂੰ 'ਡੀਜੀ ਪ੍ਰਸ਼ੰਸਾ ਪੱਤਰ' ਦੇਣ ਦੀ ਸਿਫਾਰਸ਼ ਕੀਤੀ ਗਈ ਹੈ।
ਆਈਟੀਬੀਪੀ ਨੇ ਕਿਹਾ ਕਿ ਲੱਦਾਖ ਵਿੱਚ ਚੀਨੀ ਫੌਜ ਵੱਲੋਂ ਕੀਤੀ ਪੱਥਰਬਾਜ਼ੀ ਦਾ ਭਾਰਤੀ ਜਵਾਨਾਂ ਨੇ ਜਵਾਬ ਦਿੱਤਾ। ਕੁਝ ਥਾਵਾਂ 'ਤੇ, ਸਿਪਾਹੀਆਂ ਨੇ ਚੀਨੀ ਫੌਜ ਨਾਲ 17-20 ਘੰਟਿਆਂ ਤੱਕ ਲੜਾਈ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ “ਆਈਟੀਬੀਪੀ ਦੇ ਜਵਾਨ ਨਾ ਸਿਰਫ ਸੈਨਿਕਾਂ ਦੀ ਢਾਲ ਬਣੇ, ਸਗੋਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਵੀ ਜ਼ੋਰਦਾਰ ਜਵਾਬ ਦਿੱਤਾ ਤੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ। ਆਈਟੀਬੀਪੀ ਦੇ ਜਵਾਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਕੀਤੀ ਅਤੇ ਭਾਰਤੀ ਫ਼ੌਜ ਦੇ ਜ਼ਖ਼ਮੀਆਂ ਜਵਾਨਾਂ ਨੂੰ ਵਾਪਸ ਵੀ ਲੈ ਕੇ ਆਏ।
ਭਾਰਤ-ਤਿੱਬਤ ਬਾਰਡਰ ਪੁਲਿਸ ਫੋਰਸ ਨੇ ਕਿਹਾ ਕਿ ਕੁਝ ਇਲਾਕਿਆਂ ਵਿੱਚ ਆਈਟੀਬੀਪੀ ਦੇ ਜਵਾਨਾਂ ਨੇ ਸਾਰੀ ਰਾਤ ਲੜਾਈ ਲੜੀ ਅਤੇ ਚੀਨੀ ਫੌਜ ਵੱਲੋਂ ਕੀਤੀ ਪੱਥਰਬਾਜ਼ੀ ਦਾ ਢੁਕਵਾਂ ਜਵਾਬ ਦਿੱਤਾ। ਤੁਹਾਨੂੰ ਦੱਸ ਦਈਏ ਕਿ 15 ਜੂਨ ਨੂੰ ਪੂਰਬੀ ਲੱਦਾਖ ਵਿਚ ਚੀਨੀ ਫੌਜ ਅਤੇ ਭਾਰਤੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਵਿਚ 20 ਭਾਰਤੀ ਸੈਨਿਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਇਸ ਝੜਪ ਵਿਚ ਚੀਨ ਨੂੰ ਵੀ ਕਾਫ਼ੀ ਸੈਨਿਕ ਜਾਨੀ ਨੁਕਸਾਨ ਝੱਲਣੇ ਪਏ। ਹਾਲਾਂਕਿ ਚੀਨ ਵੱਲੋਂ ਇਹ ਅੰਕੜੇ ਜਾਰੀ ਨਹੀਂ ਕੀਤੇ ਗਏ ਹਨ।