ਨਵੀਂ ਦਿੱਲੀ: ਪਾਕਿਸਤਾਨ ਨੇ ਭਾਰਤੀ ਨੌਸੇਨਾ ਨੇ ਸੇਵਾਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ ਨਾਲ ਮਿਲਣ ਲਈ ਹਾਈ ਕਮਿਸ਼ਨਰ ਨੂੰ ਅੱਜ ਦੂਜੀ ਵਾਰ ਕੌਨਸੂਲਰ ਪਹੁੰਚ ਦੇ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਵਿੱਚ ਭਾਰਤੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨਾਲ ਬਿਨਾਂ ਸ਼ਰਤ ਸੰਪਰਕ ਦੀ ਮੰਗ ਕੀਤੀ ਸੀ। ਪਾਕਿਸਤਾਨ ਵਾਰ-ਵਾਰ ਇਸ ਤੋਂ ਇਨਕਾਰ ਕਰਦਾ ਆਇਆ ਹੈ।
ਇਸ ਤੋਂ ਪਹਿਲਾਂ 8 ਜੁਲਾਈ ਨੂੰ ਵੀ ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਸਮੀਖਿਆ ਪਟੀਸ਼ਨ ਵਿੱਚ ਅੜਿੱਕਾ ਲਗਾਇਆ ਸੀ। ਹਾਲਾਂਕਿ ਪਾਕਿਸਤਾਨ ਨੇ ਵੀ ਕੌਨਸੂਲਰ ਪਹੁੰਚ ਦੀ ਪੇਸ਼ਕਸ਼ ਕਰਨ ਦੀ ਗੱਲ ਕਹੀ ਸੀ। ਪਾਕਿਸਤਾਨ ਦੇ ਐਡੀਸ਼ਨਲ ਅਟਾਰਨੀ ਜਨਰਲ ਨੇ ਕਿਹਾ ਸੀ ਕਿ 17 ਜੂਨ, 2020 ਨੂੰ ਕੁਲਭੂਸ਼ਣ ਜਾਧਵ ਨੂੰ ਆਪਣੀ ਸਜ਼ਾ ਉੱਤੇ ਮੁੜ ਵਿਚਾਰ ਕਰਨ ਲਈ ਪਟੀਸ਼ਨ ਦਾਇਰ ਕਰਨ ਲਈ ਸੱਦਾ ਦਿੱਤਾ ਗਿਆ ਸੀ, ਪਰ ਉਸਨੇ ਅਜਿਹਾ ਨਹੀਂ ਕੀਤਾ।
ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਜਾਧਵ ਨੂੰ ਅਪ੍ਰੈਲ 2017 ਵਿੱਚ ਭਾਰਤੀ ਫੌਜ ਤੋਂ ਸੇਵਾਮੁਕਤ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਕੁੱਝ ਹਫ਼ਤੇ ਬਾਅਦ, ਭਾਰਤ ਨੇ ਜਾਧਵ ਨੂੰ ਦੂਤਾਵਾਸ ਵਿਚ ਪਹੁੰਚ ਨਾ ਕਰਨ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਲਈ ਪਾਕਿਸਤਾਨ ਵਿਰੁੱਧ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) ਵਿੱਚ ਅਪੀਲ ਕੀਤੀ। ਫਿਰ ਆਈ.ਸੀ.ਜੇ. ਨੇ ਪਾਕਿਸਤਾਨ ਨੂੰ ਸਜ਼ਾ 'ਤੇ ਅਮਲ ਕਰਨ ਤੋਂ ਰੋਕ ਦਿੱਤਾ ਸੀ।
ਹੇਗ ਸਥਿਤ ਅਦਾਲਤ ਨੇ ਪਿਛਲੇ ਸਾਲ ਜੁਲਾਈ ਵਿੱਚ ਕਿਹਾ ਸੀ ਕਿ ਪਾਕਿਸਤਾਨ ਨੂੰ ਜਾਧਵ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਬਾਰੇ ‘ਪ੍ਰਭਾਵਸ਼ਾਲੀ ਢੰਗ ਨਾਲ ਮੁੜ ਸਮੀਖਿਆ ਅਤੇ ਵਿਚਾਰ-ਵਟਾਂਦਰੇ’ ਕਰਨੇ ਚਾਹੀਦੇ ਹਨ ਅਤੇ ਉਸ ਨੂੰ ਬਿਨਾਂ ਦੇਰੀ ਕੀਤੇ ਭਾਰਤੀ ਸਫ਼ਾਰਤਖਾਨੇ ਵਿਚ ਪਹੁੰਚ ਪ੍ਰਦਾਨ ਕਰਨੀ ਚਾਹੀਦੀ ਹੈ।
ਪਾਕਿਸਤਾਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਜਾਧਵ ਨੇ ਵਿਕਲਪ ਦਿੱਤੇ ਜਾਣ ਦੇ ਬਾਵਜੂਦ ਉਸ ਦੀ ਸਜ਼ਾ ਵਿਰੁੱਧ ਇਸਲਾਮਾਬਾਦ ਹਾਈ ਕੋਰਟ ਵਿੱਚ ਅਪੀਲ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਈ ਘੰਟਿਆਂ ਬਾਅਦ, ਭਾਰਤ ਨੇ ਪਾਕਿਸਤਾਨ ਦੇ ਦਾਅਵੇ ਨੂੰ 'ਸਵਾਂਗ' ਕਰਾਰ ਦਿੱਤਾ ਅਤੇ ਕਿਹਾ ਕਿ ਜਾਧਵ ਨੂੰ ਅਧਿਕਾਰ ਛੱਡਣ ਲਈ 'ਮਜਬੂਰ' ਕੀਤਾ ਗਿਆ ਸੀ।