ਕੋਲਕਾਤਾ: ਭਾਰਤੀ ਫੌਜ ਅਤੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐਨਡੀਆਰਐਫ) ਨੇ ਐਤਵਾਰ ਨੂੰ ਚੱਕਰਵਾਤੀ ਅਮਫਾਨ ਤੋਂ ਬਾਅਦ ਦੱਖਣੀ ਕੋਲਕਾਤਾ ਵਿੱਚ ਰਾਹਤ ਕਾਰਜ ਕੀਤਾ।
ਇੰਡੀਅਨ ਆਰਮੀ ਦੇ ਕੋਰ ਆਫ਼ ਇੰਜੀਨੀਅਰਜ਼ ਦੇ ਕੈਪਟਨ ਵਿਕਰਮ ਨੇ ਕਿਹਾ, "ਕੋਲਕਾਤਾ ਵਿੱਚ ਭਾਰਤੀ ਫ਼ੌਜ ਦੀਆਂ ਚਾਰ ਤੋਂ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅਸੀਂ ਆਪਣਾ ਕੰਮ ਕਰ ਰਹੇ ਹਾਂ ਅਤੇ ਜਲਦੀ ਹੀ ਇਸ ਨੂੰ ਪੂਰਾ ਕਰ ਲਵਾਂਗੇ। ਸਾਨੂੰ ਦਰੱਖ਼ਤਾਂ ਨੂੰ ਕੱਟਣ ਵਿੱਚ ਇਸ ਵੇਲੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੁਝ ਦਰੱਖਤ ਜ਼ਮੀਨ 'ਤੇ ਨਹੀਂ ਡਿੱਗੇ ਹਨ ਅਤੇ ਕੁਝ ਬਿਜਲੀ ਦੀਆਂ ਤਾਰਾਂ ਵਿੱਚ ਫਸੇ ਹੋਏ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਇੱਕ-ਇੱਕ ਕਰਕੇ ਕੱਟ ਰਹੇ ਹਾਂ ਅਤੇ ਉਨ੍ਹਾਂ ਨੂੰ ਸੜਕਾਂ 'ਤੋਂ ਹਟਾ ਰਹੇ ਹਾਂ ਜਿਸ ਵਿਚ ਸਮਾਂ ਲੱਗ ਰਿਹਾ ਹੈ।" ਸ਼ਨੀਵਾਰ ਨੂੰ ਕੇਂਦਰ ਸਰਕਾਰ ਨੇ ਕੋਲਕਾਤਾ ਵਿੱਚ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਦਰੁਸਤ ਕਰਨ ਵਿੱਚ ਸਹਾਇਤਾ ਲਈ ਭਾਰਤੀ ਫੌਜ ਦੇ ਪੰਜ ਟੀਮਾਂ ਭੇਜੀਆਂ ਸਨ। ਕੇਂਦਰ ਨੇ ਇਹ ਫੈਸਲਾ ਪੱਛਮੀ ਬੰਗਾਲ ਸਰਕਾਰ ਵੱਲੋਂ ਫ਼ੌਜ ਭੇਜਣ ਦੀ ਬੇਨਤੀ ਕਰਨ ਤੋਂ ਬਾਅਦ ਲਿਆ ਹੈ।
ਫੌਜ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, "ਪੱਛਮੀ ਬੰਗਾਲ ਸਰਕਾਰ ਦੀ ਬੇਨਤੀ ਦੇ ਅਧਾਰ 'ਤੇ ਚੱਕਰਵਾਤ ਅਮਫਾਨ ਤੋਂ ਬਾਅਦ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਰਾਜ ਵਿੱਚ ਅੱਜ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਹ ਕੱਲ ਵੀ ਰੋਡ ਕਲੀਅਰੈਂਸ ਦੇ ਕੰਮ ਵਿੱਚ ਸਹਾਇਤਾ ਪ੍ਰਦਾਨ ਕਰਨਗੇ।"
ਚੱਕਰਵਾਤੀ ਅਮਫਾਨ ਨੇ ਬੁੱਧਵਾਰ ਸੁੰਦਰਬਨਸ ਵਿੱਚ ਦਸਤਕ ਦਿੱਤੀ ਸੀ ਅਤੇ ਇਸ ਨਾਲ ਪੱਛਮੀ ਬੰਗਾਲ ਵਿੱਚ ਦੂਰ ਸੰਚਾਰ, ਬਿਜਲੀ ਦੀਆਂ ਲਾਈਨਾਂ ਅਤੇ ਸੜਕਾਂ ਦੀ ਕੁਨੈਕਟੀਵਿਟੀ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਇਸ ਤੂਫਾਨ ਕਾਰਨ ਬੰਗਾਲ ਵਿੱਚ 80 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।