ਨਵੀਂ ਦਿੱਲੀ: ਕਸ਼ਮੀਰ ਦੇ ਕੇਰਨ ਸੈਕਟਰ ਵਿੱਚ ਪਾਕਿਸਤਨ ਫ਼ੌਜ ਦੀ ਬੈਟ (ਬਾਰਡਰ ਐਕਸ਼ਨ ਟੀਮ) ਅਤੇ ਅੱਤਵਾਦੀਆਂ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤਾ ਹੈ। ਇਸ ਕਾਰਵਾਈ ਵਿੱਚ ਭਾਰਤੀ ਫ਼ੌਜ ਨੇ 5 ਤੋਂ 7 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਫ਼ੌਜ ਮੁਤਾਬਕ ਪਿਛਲੇ 36 ਘੰਟਿਆਂ ਵਿੱਚ ਜੈਸ਼ ਦੇ 4 ਅੱਤਵਾਦੀ ਵੀ ਮਾਰੇ ਗਏ ਹਨ। ਅੱਤਵਾਦੀਆਂ ਕੋਲੋਂ ਸਨਾਈਪਰ ਰਾਈਫਲਾਂ, ਆਈਈਡੀ ਬਰਾਮਦ ਹੋਏ ਹਨ। ਫ਼ੌਜ ਮੁਤਾਬਕ ਪਾਕਿ ਸੈਨਾ ਨਾ ਸਿਰਫ ਅੱਤਵਾਦੀਆਂ ਨੂੰ ਘੁਸਪੈਠ ਕਰਵਾਉਣ ਵਿੱਚ ਲੱਗੀ ਹੋਈ ਹੈ, ਬਲਕਿ ਉਨ੍ਹਾਂ ਨੂੰ ਹਥਿਆਰ ਵੀ ਮੁਹੱਈਆ ਕਰਵਾਉਂਦੀ ਹੈ। ਡੀਜੀਐਮਓ ਪੱਧਰ ਦੀ ਗੱਲਬਾਤ ਵਿੱਚ ਭਾਰਤੀ ਫ਼ੌਜ ਹਮੇਸ਼ਾਂ ਹੀ ਇਹ ਮੁੱਦਾ ਚੁੱਕਦੀ ਰਹੀ ਹੈ। ਫ਼ੌਜ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਜਿਹੀਆਂ ਹਰਕਤਾਂ ਵਿਰੁੱਧ ਜਵਾਬੀ ਕਾਰਵਾਈ ਜਾਰੀ ਰੱਖੇਗੀ। ਕੰਟਰੋਲ ਰੇਖਾ ਦੇ ਨਾਲ-ਨਾਲ ਕਸ਼ਮੀਰ ਵਿੱਚ ਵੀ ਅੱਤਵਾਦੀਆਂ ਦੀ ਹਰਕਤਾਂ 'ਤੇ ਜਵਾਬੀ ਕਾਰਵਾਈ ਕੀਤੀ ਜਾਵੇਗੀ।