ਨਵੀਂ ਦਿੱਲੀ: ਭਾਰਤੀ ਏਅਰ ਫੋਰਸ ਅੱਜ ਆਪਣਾ 87ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਅੱਜ ਤਿੰਨੋਂ ਸੈਨਾ ਮੁਖੀਆਂ ਨੇ ਦਿੱਲੀ ਵਿਖੇ ਨੈਸ਼ਨਲ ਵਾਰ ਮੈਮੋਰੀਅਲ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਏਅਰ ਫੋਰਸ ਦਿਵਸ ਦੇ ਮੌਕੇ ਗਾਜੀਆਬਾਦ ਵਿਖੇ ਹਿੰਡਨ ਏਅਰਬੇਸ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਆਕਾਸ਼ ਗੰਗਾ ਸਕਾਈਡਾਈਵਿੰਗ ਟੀਮ ਨੇ ਹਿੰਡਨ ਏਅਰਬੇਸ ਵਿਖੇ ਏਅਰ ਫੋਰਸ ਦਾ ਝੰਡਾ ਲੈ ਕੇ ਪੈਰਾਸ਼ੂਟ ਤੋਂ ਉਤਰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ਵਿੱਚ ਫੌਜ ਮੁਖੀ ਬਿਪਿਨ ਰਾਵਤ, ਭਾਰਤੀ ਹਵਾਈ ਸੈਨਾ ਦੇ ਮੁਖੀ ਆਰਕੇ ਸਿੰਘ ਭਦੌਰੀਆ ਅਤੇ ਨੇਵੀ ਚੀਫ਼ ਕਰਮਬੀਰ ਸਿੰਘ ਸਮਾਰੋਹ ਵਿੱਚ ਮੌਜੂਦ ਸਨ।
ਇਸ ਮੌਕੇ ਬਾਲਾਕੋਟ ਏਅਰਸਟ੍ਰਾਈਕ ਦੇ ਹੀਰੋ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਇੱਕ ਵਾਰ ਮੁੜ ਤੋਂ ਮਿਗ ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਇਸ ਦੌਰਾਨ, 3 ਮਿਰਾਜ 2000 ਏਅਰ ਕਰਾਫਟ, ਸੁਖੋਈ ਨੇ ਵੀ ਹਵਾਈ ਫੌਜ ਦਿਵਸ ਮੌਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ।
ਏਅਰ ਫੋਰਸ ਚੀਫ ਨੇ ਬਾਲਾਕੋਟ ਏਅਰਸਟਰਾਇਕ ਦਾ ਕੀਤਾ ਜਿਕਰ
ਪ੍ਰੋਗਰਾਮ ਵਿੱਚ ਏਅਰ ਫੋਰਸ ਚੀਫ ਆਰਕੇਐਸ ਭਦੌਰੀਆ ਨੇ ਵਿਸ਼ਵ ਨੂੰ ਹਵਾਈ ਫੌਜ ਦੀ ਸ਼ਕਤੀ ਦਾ ਅਹਿਸਾਸ ਕਰਵਾਇਆ। ਹਿੰਡਨ ਏਅਰਬੇਸ ਵਿਖੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਹਵਾਈ ਫੌਜ ਮੁਖੀ ਨੇ ਕਿਹਾ ਕਿ ਸਾਡੇ ਜਵਾਨਾਂ ਨੇ ਇਸ ਸਾਲ ਸਫ਼ਲਤਾ ਨਾਲ ਬਾਲਾਕੋਟ ਏਅਰਸਟਰਾਇਕ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਵਾਈ ਫੌਜ ਕਿਸੇ ਵੀ ਮੁਸੀਬਤ ਦਾ ਸਾਹਮਣਾ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ।
ਏਅਰ ਫੋਰਸ ਦਿਵਸ ਮੋਕੇ ਪ੍ਰਧਾਨਮੰਤਰੀ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਨੇਤਾਵਾਂ ਨੇ ਵਧਾਈ ਦਿੱਤੀ ਹੈ।
ਇਹ ਵੀ ਪੜੋ- ਦੁਸਹਿਰੇ 'ਤੇ ਰਾਸ਼ਟਰਪਤੀ ਸਣੇ ਪੀਐਮ ਨੇ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ