ਪੰਜਾਬ

punjab

ETV Bharat / bharat

ਜੀ-7 ਦੇ ਵਿਸਥਾਰ 'ਤੇ ਅਮਰੀਕਾ ਨਾਲ ਕੰਮ ਕਰਕੇ ਭਾਰਤ ਨੂੰ ਖੁਸ਼ੀ ਹੋਵੇਗੀ: ਤਰਨਜੀਤ ਸਿੰਘ ਸੰਧੂ - ਅਮਰੀਕਾ ਵਿੱਚ ਭਾਰਤੀ ਸਫੀਰ

ਅਮਰੀਕਾ ਵਿੱਚ ਭਾਰਤੀ ਸਫੀਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਜੀ-7 ਦੇ ਵਿਸਥਾਰ 'ਤੇ ਅਮਰੀਕਾ ਨਾਲ ਕੰਮ ਕਰਕੇ ਭਾਰਤ ਨੂੰ ਖੁਸ਼ੀ ਹੋਵੇਗੀ। ਟਰੰਪ ਦੀ ਇੱਛਾ ਦੁਨੀਆ ਦੇ ਤਾਕਤਵਰ ਦੇਸ਼ਾਂ ਦੇ ਸਮੂਹ ਜੀ-7 ਦਾ ਵਿਸਥਾਰ ਕਰਨ ਅਤੇ ਉਸ ਵਿੱਚ ਭਾਰਤ ਸਣੇ ਕੁੱਝ ਹੋਰ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਹੈ।

ਫ਼ੋਟੋ।
ਫ਼ੋਟੋ।

By

Published : Jun 9, 2020, 12:19 PM IST

ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀ ਸਫੀਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜੀ-7 ਦੇ ਵਿਸਥਾਰ ਦੀ ਯੋਜਨਾ ਦਾ ਹਿੱਸਾ ਬਣਦੇ ਹੋਏ ਭਾਰਤ ਨੂੰ ਅਮਰੀਕਾ ਨਾਲ ਕੰਮ ਕਰਕੇ ਖੁਸ਼ੀ ਹੋਵੇਗੀ।

ਅਮਰੀਕੀ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ਵਿੱਚ ਟੈਲੀਫ਼ੋਨ ਉੱਤੇ ਹੋਈ ਗੱਲਬਾਤ ਉੱਤੇ ਪ੍ਰਤੀਕਿਰਿਆ ਦਿੰਦਿਆਂ ਸੰਧੂ ਨੇ ਇਹ ਗੱਲ ਆਖੀ। ਟਰੰਪ ਦੀ ਇੱਛਾ ਦੁਨੀਆ ਦੇ ਤਾਕਤਵਰ ਦੇਸ਼ਾਂ ਦੇ ਸਮੂਹ ਜੀ-7 ਦਾ ਵਿਸਥਾਰ ਕਰਨ ਅਤੇ ਉਸ ਵਿੱਚ ਭਾਰਤ ਸਣੇ ਕੁੱਝ ਹੋਰ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਹੈ। ਇਸ ਨਾਲ ਇਹ ਸੁਨੇਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਜੀ-7 ਦਾ ਹਿੱਸਾ ਬਣ ਸਕਦਾ ਹੈ।

ਭਾਰਤੀ ਸਫੀਰ ਨੇ ਕਿਹਾ, "ਦੋਵੇਂ ਆਗੂ ਇੱਕ-ਦੂਜੇ ਨਾਲ ਲਗਾਤਾਰ ਸੰਪਰਕ ਵਿੱਚ ਹਨ। ਇੱਥੋਂ ਤੱਕ ਕਿ ਦੋਵੇਂ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਇੱਕ-ਦੂਜੇ ਨਾਲ ਸੰਪਰਕ ਵਿੱਚ ਰਹਿੰਦੇ ਹਨ। ਰਾਸ਼ਟਰਪਤੀ ਟਰੰਪ ਅਤੇ ਪੀਐਮ ਮੋਦੀ ਵਿਚਾਲੇ 2 ਜੂਨ ਨੂੰ ਫੋਨ ਉੱਤੇ ਗੱਲਬਾਤ ਹੋਈ ਅਤੇ ਇਸ ਗੱਲਬਾਤ ਵਿੱਚ ਹੋਰ ਕਈ ਮੁੱਦਿਆਂ ਦੇ ਨਾਲ-ਨਾਲ ਜੀ-7 ਨਾਲ ਜੁੜੇ ਮਾਮਲਿਆਂ ਉੱਤੇ ਗੱਲਬਾਤ ਹੋਈ। ਜਿੱਥੋਂ ਤੱਕ ਰਾਸ਼ਟਰਪਤੀ ਟਰੰਪ ਦੀ ਜੀ-7 ਦੇ ਵਿਸਥਾਰ ਦੀ ਇੱਛਾ ਹੈ ਤਾਂ ਭਾਰਤ ਨੂੰ ਅਮਰੀਕਾ ਨਾਲ ਮਿਲ ਕੇ ਕੰਮ ਕਰਕੇ ਖੁਸ਼ੀ ਹੋਵੇਗੀ।"

ਦੱਸਿਆ ਜਾ ਰਿਹਾ ਹੈ ਕਿ ਇਸ ਗੱਲਬਾਤ ਦੌਰਾਨ ਡੋਨਾਲਡ ਟਰੰਪ ਨੇ ਪੀਐਮ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਹੈ ਜਿਸ ਨੂੰ ਪ੍ਰਧਾਨ ਮੰਤਰੀ ਨੇ ਸਵੀਕਾਰ ਕਰ ਲਿਆ ਹੈ। ਪੀਐਮ ਮੋਦੀ ਸਤੰਬਰ ਵਿੱਚ ਅਮਰੀਕਾ ਦੀ ਯਾਤਰਾ ਕਰ ਸਕਦੇ ਹਨ।

ਟਰੰਪ ਜੀ-7 ਦਾ ਵਿਸਥਾਰ ਕਰਦੇ ਹੋਏ ਇਸ ਸਮੂਹ ਵਿੱਚ ਭਾਰਤ ਦੇ ਨਾਲ-ਨਾਲ ਰੂਸ, ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਪਰ ਅਮਰੀਕੀ ਰਾਸ਼ਟਰਪਤੀ ਦਾ ਇਹ ਸੱਦਾ ਚੀਨ ਨੂੰ ਚੰਗਾ ਨਹੀਂ ਲੱਗਿਆ ਹੈ। ਚੀਨ ਨੇ ਇਸ ਵਿਸਥਾਰ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

ਚੀਨ ਦਾ ਕਹਿਣਾ ਹੈ ਕਿ ਉਸ ਉੱਤੇ ਦਬਾਅ ਬਣਾਉਣ ਲਈ ਅਮਰੀਕਾ ਦਾ ਇੱਕ ਦਾਅ ਹੈ ਅਤੇ ਭਾਰਤ ਉਸ ਦਾ ਹਿੱਸਾ ਬਣ ਰਿਹਾ ਹੈ। ਜੀ-7 ਦੇ ਵਿਸਥਾਰ ਦੀ ਗੱਲ ਚੀਨ ਨੂੰ ਇੰਨੀ ਬੁਰੀ ਲੱਗੀ ਹੈ ਕਿ ਉਸ ਨੇ ਕਿਹਾ ਹੈ ਕਿ ਅਮਰੀਕਾ ਨਾਲ ਮਿਲ ਕੇ ਭਾਰਤ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ।

ਚੀਨ ਦੇ ਇਤਰਾਜ਼ ਉੱਤੇ ਸੰਧੂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਨੂੰ ਜੀ-7 ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਉਨ੍ਹਾਂ ਕਿਹਾ, "ਹਾਲ ਹੀ ਦੇ ਸਾਲਾਂ ਵਿੱਚ ਭਾਰਤ ਦਾ ਵਿਸ਼ਵ ਪੱਧਰ ਉੱਤੇ ਮਾਣ ਵਧਿਆ ਹੈ। ਖ਼ਾਸ ਕਰਕੇ ਕੋਵਿਡ-19 ਸੰਕਟ ਦੌਰਾਨ ਭਾਰਤ ਨੇ ਆਪਣੀ ਭੂਮਿਕਾ ਜਿਵੇਂ ਨਿਭਾਈ ਹੈ ਉਸ ਨਾਲ ਦੁਨੀਆ ਵਿੱਚ ਨਵੀਂ ਦਿੱਲੀ ਦਾ ਕਦ ਵਧਿਆ ਹੈ। ਭਾਰਤ ਦੀ ਅਬਾਦੀ 1.3 ਅਰਬ ਤੋਂ ਜ਼ਿਆਦਾ ਹੈ। ਇਸ ਨੂੰ ਵੇਖਦਿਆਂ ਨਾ ਸਿਰਫ਼ ਜੀ-7 ਵਿੱਚ ਬਲਕਿ ਦੁਨੀਆ ਨੇ ਜਿੰਨੇ ਵੀ ਮੰਚ ਹਨ ਉਨ੍ਹਾਂ ਵਿੱਚ ਹੁਣ ਭਾਰਤ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ।"

ABOUT THE AUTHOR

...view details