ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੂੰ ਨਿਯੰਤਰਿਤ ਕਰਨ ਲਈ ਦੇਸ਼ ਵਿੱਚ ਲਾਗੂ ਤਾਲਾਬੰਦੀ ਨੂੰ ਕੰਟੇਨਟਮੈਂਟ ਜ਼ੋਨ ਤੱਕ ਸੀਮਿਤ ਕਰਕੇ ਮਿਆਦ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਇਸ ਸਮੇਂ ਦੌਰਾਨ ਤਾਲਾਬੰਦੀ ਨੂੰ ਹੌਲੀ-ਹੌਲੀ ਹਟਾ ਦਿੱਤਾ ਜਾਵੇਗਾ। ਲੌਕਡਾਊਨ 5.0 ਵਿੱਚ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਥਾਵਾਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਪੜਾਅਵਾਰ ਸ਼ੁਰੂ ਕਰ ਦਿੱਤੀ ਜਾਵੇਗੀ।
ਇਸ ਦੇ ਪਹਿਲੇ ਪੜਾਅ (ਅਨਲਾਕ 1) ਨੂੰ 8 ਜੂਨ ਤੋਂ ਲਾਗੂ ਕੀਤਾ ਜਾਵੇਗਾ। ਇਸ ਦੇ ਤਹਿਤ ਮਾਲ, ਰੈਸਟੋਰੈਂਟ ਅਤੇ ਧਾਰਮਿਕ ਸਥਾਨ 8 ਜੂਨ ਤੋਂ ਖੋਲ੍ਹੇ ਜਾਣਗੇ। ਗ੍ਰਹਿ ਮੰਤਰਾਲੇ ਨੇ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਨੂੰ ਮੁੜ ਖੋਲ੍ਹਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਤਾਲਾਬੰਦੀ ਖੁਲ੍ਹਣ ਦਾ ਪਹਿਲਾ ਪੜਾਅ
ਜਨਤਕ ਥਾਵਾਂ ਅਤੇ ਧਾਰਮਿਕ ਸਥਾਨਾਂ, ਹੋਟਲ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲ ਨੂੰ 8 ਜੂਨ 2020 ਤੋਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ। ਸਿਹਤ ਮੰਤਰਾਲਾ ਇਸ ਸਬੰਧੀ ਇੱਕ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਜਾਰੀ ਕਰੇਗਾ।
ਤਾਲਾਬੰਦੀ ਖੁਲ੍ਹਣ ਦਾ ਦੂਜਾ ਪੜਾਅ
ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਸਕੂਲ, ਕਾਲਜ, ਵਿਦਿਅਕ, ਸਿਖਲਾਈ, ਕੋਚਿੰਗ ਇੰਸਟੀਚਿਊਟਸ ਆਦਿ ਖੋਲ੍ਹੇ ਜਾਣਗੇ। ਸੰਸਥਾਗਤ ਪੱਧਰ 'ਤੇ ਵੀ ਗੱਲਬਾਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਾਪਿਆਂ ਦੀ ਰਾਏ ਵੀ ਲਈ ਜਾਵੇਗੀ। ਇਸ ਫੀਡਬੈਕ 'ਤੇ ਹੀ ਸੰਸਥਾ ਖੋਲ੍ਹਣ ਦਾ ਫੈਸਲਾ ਲਿਆ ਜਾਵੇਗਾ। ਇਹ ਅਦਾਰੇ ਜੁਲਾਈ ਤੋਂ ਖੋਲ੍ਹੇ ਜਾ ਸਕਣਗੇ।
ਤਾਲਾਬੰਦੀ ਖੁਲ੍ਹਣ ਦਾ ਤੀਜਾ ਪੜਾਅ
ਅੰਤਰਰਾਸ਼ਟਰੀ ਹਵਾਈ ਯਾਤਰਾ, ਮੈਟਰੋ ਰੇਲ, ਸਿਨੇਮਾ ਹਾਲ, ਜਿਮਨੇਜ਼ੀਅਮ (ਜਿਮ), ਸਵੀਮਿੰਗ ਪੂਲ, ਮਨੋਰੰਜਨ ਪਾਰਕ ਆਦਿ ਦੀਆਂ ਤਰੀਕਾਂ ਦਾ ਫੈਸਲਾ ਸਥਿਤੀ ਦੇ ਮੁਲਾਂਕਣ ਦੇ ਅਧਾਰ ਤੇ ਕੀਤਾ ਜਾਵੇਗਾ।
ਗ੍ਰਹਿ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਮੁਕਾਬਕ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਲੋਕਾਂ ਅਤੇ ਮਾਲ ਦੀ ਆਮਦ ‘ਤੇ ਕੋਈ ਰੋਕ ਨਹੀਂ ਹੋਵੇਗੀ। ਅਜਿਹਾ ਕਰਨ ਲਈ ਕੋਈ ਵੱਖਰੀ ਆਗਿਆ ਜਾਂ ਈ-ਪਰਮਿਟ ਦੀ ਲੋੜ ਨਹੀਂ ਪਵੇਗੀ। ਹਾਲਾਂਕਿ, ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਸ 'ਤੇ ਪਾਬੰਦੀ ਲਗਾ ਸਕਦੇ ਹਨ, ਪਰ ਪਹਿਲਾਂ ਤੋਂ ਵਿਆਪਕ ਪ੍ਰਚਾਰ ਤੋਂ ਬਾਅਦ।