ਐਤਵਾਰ ਨੂੰ ਭਾਰਤ-ਪਾਕਿ ਵਿਚਾਲੇ ਗੱਲਬਾਤ, ਗੋਪਾਲ ਚਾਵਲਾ ਦਾ ਚੁੱਕਿਆ ਜਾਵੇਗਾ ਮੁੱਦਾ
ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਣ ਵਾਲੀ ਗੱਲਬਾਤ 'ਚ ਭਾਰਤ ਖਾਲਿਸਤਾਨੀ ਆਗੂ ਗੋਪਾਲ ਸਿੰਘ ਚਾਵਲਾ ਦਾ ਮੁੱਦਾ ਪਾਕਿਸਤਾਨ ਅੱਗੇ ਚੁੱਕੇਗਾ। ਇਸ ਤੋਂ ਇਲਾਵਾ ਭਾਰਤ ਵੀਜ਼ਾ ਤੇ ਯਾਤਰਾ ਦੇ ਸਮੇਂ ਨੂੰ ਲੈ ਕੇ ਵੀ ਗੱਲਬਾਤ ਕਰੇਗਾ।
ਨਵੀਂ ਦਿੱਲੀ: ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਦੇ ਵਫ਼ਦ ਵਿਚਾਲੇ ਵਾਹਘਾ ਸਰਹੱਦ 'ਤੇ ਕਰਤਾਰਪੁਰ ਲਾਂਘੇ ਬਾਰੇ ਮੀਟਿੰਗ ਕੀਤੀ ਜਾਵੇਗੀ ਜਿਸ 'ਚ ਕਈ ਅਹਿਮ ਮੁੱਦੇ ਚੁੱਕੇ ਜਾਣਗੇ। ਭਾਰਤ ਵੱਲੋਂ ਚੁੱਕੇ ਜਾਣ ਵਾਲੇ ਇਨ੍ਹਾਂ ਮੁੱਦਿਆਂ 'ਚ ਸਭ ਤੋਂ ਵੱਡਾ ਮਸਲਾ ਖਾਲਿਸਤਾਨੀ ਆਗੂ ਗੋਪਾਲ ਸਿੰਘ ਚਾਵਲਾ ਦਾ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਲਈ ਬਣਾਈ ਗਈ 10 ਮੈਂਬਰੀ ਕਮੇਟੀ 'ਚ ਗੋਪਾਲ ਸਿੰਘ ਚਾਵਲਾ ਨੂੰ ਸ਼ਾਮਲ ਕੀਤਾ ਸੀ ਜਿਸ ਦਾ ਭਾਰਤ ਹਮੇਸ਼ਾ ਵਿਰੋਧ ਕਰਦਾ ਰਿਹਾ ਹੈ ਤੇ ਪਾਕਿਸਤਾਨ ਤੋਂ ਸਪੱਸ਼ਟੀਕਰਨ ਮੰਗਦਾ ਆਇਆ ਹੈ।
14 ਜੁਲਾਈ ਨੂੰ ਹੋਣ ਵਾਲੀ ਮੀਟਿੰਗ 'ਚ ਭਾਰਤ ਗੋਪਾਲ ਚਾਵਲਾ ਨੂੰ 10 ਮੈਂਬਰੀ ਕਮੇਟੀ 'ਚੋਂ ਹਟਾਉਣ ਦੀ ਮੰਗ ਕਰੇਗਾ ਤੇ ਇਸ ਦੇ ਨਾਲ ਹੀ ਵੀਜ਼ਾ ਤੇ ਯਾਤਰਾ ਦੇ ਸਮੇਂ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਦੱਸ ਦੇਈਏ ਕਿ ਚਾਵਲਾ ਨੂੰ 26/11 ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ।