ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਰੂਸ ਨੂੰ ਪਿੱਛੇ ਛੱਡ ਭਾਰਤ ਦੁਨੀਆ ਦਾ ਤੀਜੇ ਨੰਬਰ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਮੁਲਕ ਬਣ ਗਿਆ ਹੈ। ਐਤਵਾਰ ਨੂੰ ਭਾਰਤ ਵਿੱਚ ਤਕਰੀਬਨ 24 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਭਾਰਤ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 6.97 ਲੱਖ ਤੋਂ ਪਾਰ ਹੋ ਗਈ ਹੈ।
ਭਾਰਤ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ। ਐਤਵਾਰ ਨੂੰ ਭਾਰਤ ਵਿੱਚ ਕੋਰੋਨਾ ਕਾਰਨ 421 ਮੌਤਾਂ ਹੋਈਆਂ, ਜਿਸ ਤੋਂ ਬਾਅਦ ਭਾਰਤ ਵਿੱਚ ਮੌਤਾਂ ਦੀ ਕੁੱਲ ਗਿਣਤੀ 19700 ਹੋ ਗਈ ਹੈ।
ਦੱਸ ਦਈਏ ਕਿ ਭਾਰਤ ਵਿੱਚ ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਹੈ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 6555 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ। ਹੁਣ ਤੱਕ ਰਾਜ ਵਿੱਚ 2 ਲੱਖ ਤੋਂ ਵੱਧ ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 8822 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਦੁਨੀਆ ਭਰ 'ਚ 1.14 ਕਰੋੜ ਲੋਕ ਕੋਰੋਨਾ ਨਾਲ ਪੀੜਤ, 5.35 ਲੱਖ ਤੋਂ ਵੱਧ ਮੌਤਾਂ
ਉਧਰ ਦੂਜੇ ਪਾਸੇ ਤਮਿਲਨਾਡੂ ਵਿੱਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ ਹੋ ਗਈ ਹੈ, ਜਦਕਿ ਉਥੇ ਮਰਨ ਵਾਲਿਆਂ ਦੀ ਗਿਣਤੀ 1510 ਹੋ ਚੁੱਕੀ ਹੈ। ਉਥੇ ਹੀ ਦੇਸ਼ ਦੀ ਰਾਜਧਾਨੀ ਵਿੱਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਦਿੱਲੀ ਵਿੱਚ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 99444 ਹੋ ਗਈ ਹੈ ਜਦਕਿ 3 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।