ਨਵੀਂ ਦਿੱਲੀ: ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਚੀਨ ਦੇ ਸਥਾਈ ਮਿਸ਼ਨ ਦੇ ਬੁਲਾਰੇ ਵੱਲੋਂ ਜੰਮੂ-ਕਸ਼ਮੀਰ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਖ਼ਾਰਜ ਕੀਤਾ ਅਤੇ ਦੁਹਰਾਇਆ ਕਿ ਇਹ ਕੇਂਦਰ ਸ਼ਾਸਤ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਸੀ, ਹੈ ਅਤੇ ਰਹੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਚੀਨ ਤੋਂ ਉਮੀਦ ਕਰਦਾ ਹੈ ਕਿ ਉਹ ਭਾਰਤ ਦੇ ਅੰਦਰੂਨੀ ਮਸਲਿਆਂ, ਪ੍ਰਭੂਸੱਤਾ ਅਤੇ ਦੇਸ਼ ਦੀ ਖੇਤਰੀ ਅਖੰਡਤਾ 'ਤੇ ਟਿੱਪਣੀ ਕਰਨ ਤੋਂ ਗੁਰੇਜ਼ ਕਰੇਗਾ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਇਹ ਵੀ ਉਮੀਦ ਹੈ ਕਿ ਚੀਨ ਜੰਮੂ-ਕਸ਼ਮੀਰ ਸਮੇਤ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕਰ ਰਹੀ ਸਰਹੱਦ ਪਾਰ ਅੱਤਵਾਦ ਦੀ ਸਮੱਸਿਆ ਨੂੰ ਸਮਝੇਗਾ ਅਤੇ ਉਸ ਦੀ ਨਿਖੇਧੀ ਕਰੇਗਾ।
ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਚੀਨ ਦੇ ਸਥਾਈ ਮਿਸ਼ਨ ਦੇ ਬੁਲਾਰੇ ਨੇ ਕਿਹਾ ਸੀ ਕਿ ਕਸ਼ਮੀਰ ਮੁੱਦਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਏਜੰਡੇ 'ਤੇ ਹਾਵੀ ਹੈ ਅਤੇ ਚੀਨ ਕਸ਼ਮੀਰ ਦੀ ਮੌਜੂਦਾ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅਗਵਾਈ ਮੌਜੂਦਾ ਸਮੇਂ ਚੀਨ ਕੋਲ ਹੈ।
ਸ੍ਰੀਵਾਸਤਵ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਚੀਨ ਦੇ ਸਥਾਈ ਮਿਸ਼ਨ ਦੇ ਬੁਲਾਰੇ ਵੱਲੋਂ ਦਿੱਤੇ ਬਿਆਨ ਵਿੱਚ ਜੰਮੂ-ਕਸ਼ਮੀਰ ਦੇ ਹਵਾਲੇ ਨੂੰ ਅਸੀਂ ਰੱਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਚੀਨ ਇਸ ਮੁੱਦੇ ‘ਤੇ ਭਾਰਤ ਦੇ ਰੁਖ਼ ਤੋਂ ਚੰਗੀ ਤਰਾਂ ਵਾਕਫ਼ ਹੈ। ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਰਿਹਾ ਸੀ, ਹੈ ਅਤੇ ਰਹੇਗਾ।