ਨਵੀਂ ਦਿੱਲੀ: ਦੇਸ਼ ਵਿੱਚ ਖਿਡੌਣਿਆਂ ਦੇ ਨਿਰਮਾਣ ਨੂੰ ਉਤਸ਼ਾਹਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਲਈ ਇਕ ਮੀਟਿੰਗ ਕੀਤੀ ਗਈ। ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖਿਡੌਣੇ 'ਏਕ ਭਾਰਤ ਸ਼੍ਰੇਸ਼ਠ ਭਾਰਤ' ਮੁਹਿੰਮ ਨੂੰ ਅੱਗੇ ਵਧਾਉਣ ਲਈ ਇੱਕ ਚੰਗਾ ਮਾਧਿਅਮ ਹੋ ਸਕਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਆਪਣੇ ਸਭਿਆਚਾਰ ਅਤੇ ਲੋਕ ਕਥਾਵਾਂ ਤੋਂ ਪ੍ਰੇਰਿਤ ਖੇਡਾਂ ਦਾ ਵਿਕਾਸ ਕਰਦਿਆਂ ਡਿਜੀਟਲ ਗੇਮਿੰਗ ਦੇ ਖੇਤਰ ਵਿੱਚ ਮੌਜੂਦ ਅਥਾਹ ਸੰਭਾਵਨਾਵਾਂ ਦਾ ਲਾਭ ਲੈਣਾ ਚਾਹੀਦਾ ਹੈ।
ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਗਲੋਬਲ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਉਤਪਾਦਾਂ ਦੇ ਨਿਰਮਾਣ ਤੋਂ ਇਲਾਵਾ ਤਕਨਾਲੋਜੀ ਅਤੇ ਨਵੀਨਤਾ ਦੀ ਵਰਤੋਂ 'ਤੇ ਧਿਆਨ ਕੇਂਦ੍ਰਤ ਕਰਨਾ ਚਾਹੀਦਾ ਹੈ।
ਪੀਐਮ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਸਾਨੂੰ ਆਪਣੇ ਦੇਸ਼ ਵਿੱਚ ਬਣੇ ਖਿਡੌਣਿਆਂ ਰਾਹੀਂ ਭਾਰਤ ਦੀ ਸਭਿਅਕ ਮਹਾਨਤਾ ਨੂੰ ਪ੍ਰਦਰਸ਼ਿਤ ਕਰਨ ਦੇ ਤਰੀਕਿਆਂ ਨੂੰ ਲੱਭਣਾ ਚਾਹੀਦਾ ਹੈ। ਇੱਕ ਵਪਾਰਕ ਖਿਡੌਣਾ ਖੇਤਰ ਸਵੈ-ਨਿਰਭਰ ਭਾਰਤ ਦੇ ਸਾਡੇ ਸੁਪਨੇ ਨੂੰ ਪੂਰਾ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਖਿਡੌਣਿਆਂ ਦੇ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਇੱਕ ਵਿਸਤ੍ਰਿਤ ਮੀਟਿੰਗ ਕੀਤੀ ਗਈ। ਸਾਡਾ ਧਿਆਨ ਇਸ ਸੈਕਟਰ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਖਿਡੌਣੇ ਬਣਾਉਣ 'ਤੇ ਕੇਂਦਰਤ ਹੋਣਾ ਚਾਹੀਦਾ ਹੈ ਜੋ ਸਰੀਰਕ ਤੰਦਰੁਸਤੀ ਅਤੇ ਸਮੁੱਚੀ ਸ਼ਖਸੀਅਤ ਦੇ ਵਿਕਾਸ ਨੂੰ ਯਕੀਨੀ ਬਣਾਉਂਦੇ ਹਨ।
ਇੱਕ ਹੋਰ ਟਵੀਟ ਵਿੱਚ, ਮੋਦੀ ਨੇ ਕਿਹਾ ਕਿ ਮੈਂ ਸਟਾਰਟ-ਅਪ ਅਤੇ ਨੌਜਵਾਨਾਂ ਨੂੰ ਖਿਡੌਣਿਆਂ ਦੇ ਖੇਤਰ ਵਿੱਚ ਨਵੀਨਤਾ ਵੱਲ ਧਿਆਨ ਦੇਣ ਦੀ ਬੇਨਤੀ ਕਰਦਾ ਹਾਂ। ਵਿਦਿਅਕ ਸੰਸਥਾਵਾਂ ਇਸ 'ਤੇ ਹੈਕਥਾਨ ਦਾ ਪ੍ਰਬੰਧ ਵੀ ਕਰ ਸਕਦੀਆਂ ਹਨ। ਇੱਕ ਹੋਰ ਖੇਤਰ ਜਿਸ 'ਤੇ ਅਸੀਂ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਾਂ ਉਹ ਹੈ ਵਾਤਾਵਰਣ ਦੇ ਹਿੱਤ ਲਈ ਖਿਡੌਣੇ ਬਣਾਉਣਾ।