ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ 'ਤੇ ਪ੍ਰਤੀਕ੍ਰਿਆ ਦਿੱਤੀ ਹੈ। ਟਰੂਡੋ ਦੀ ਕਿਸਾਨ ਅੰਦੋਲਨ 'ਤੇ ਟਿੱਪਣੀ ਨੂੰ ਭਾਰਤ ਨੇ ਕਰੜੇ ਹੱਥੀਂ ਲਿਆ ਹੈ। ਭਾਰਤ ਨੇ ਕੈਨੇਡੀਅਨ ਆਗੂਆਂ ਦੇ ਇਨ੍ਹਾਂ ਬਿਆਨਾਂ ਨੂੰ ਅਗਿਆਨਤਾਪੂਰਨ ਕਰਾਰ ਦਿੱਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਟਰੂਡੋ ਦੇ ਬਿਆਨਾਂ ਨੂੰ ਸਰਕਾਰ ਵੱਲੋਂ ਖਾਰਜ ਕਰਦਿਆਂ ਕਿਹਾ, “ਅਸੀਂ ਭਾਰਤ ਵਿੱਚ ਕਿਸਾਨੀ ਨਾਲ ਸਬੰਧਤ ਕੈਨੇਡੀਅਨ ਨੇਤਾਵਾਂ ਵੱਲੋਂ ਕੁਝ ਗਲਤ ਜਾਣਕਾਰੀ ਵਾਲੀਆਂ ਟਿੱਪਣੀਆਂ ਵੇਖੀਆਂ ਹਨ। ਅਜਿਹੀਆਂ ਟਿੱਪਣੀਆਂ, ਖ਼ਾਸ ਤੌਰ 'ਤੇ ਜਦੋਂ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਵੇ, ਗੈਰ ਜ਼ਰੂਰੀ ਹਨ।
ਭਾਰਤ ਨੇ ਸਖ਼ਤ ਸੰਦੇਸ਼ ਵਿੱਚ ਕਿਹਾ, “ਇਹ ਵੀ ਵਧੀਆ ਹੈ ਕਿ ਰਾਜਨੀਤਿਕ ਉਦੇਸ਼ਾਂ ਲਈ ਕੂਟਨੀਤਕ ਗੱਲਬਾਤ ਦੀ ਗਲਤ ਜਾਣਕਾਰੀ ਨਾ ਦਿੱਤੀ ਜਾਵੇ।"
ਦਰਅਸਲ ਜਸਟਿਨ ਟਰੂਡੋ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਇੱਕ ਆਨਲਾਈਨ ਸਮਾਗਮ 'ਚ ਕਿਹਾ ਕਿ ਕੈਨੇਡਾ ਹਮੇਸ਼ਾ ਹੀ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਕ 'ਚ ਖੜਿਆ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਤੇਜ਼ ਹੋਏ ਕਿਸਾਨੀ ਸੰਘਰਸ਼ ਦਾ ਬਚਾਅ ਕਰਦਿਆਂ ਟਰੂਡੋ ਨੇ ਕਿਹਾ ਕਿ ਸਥਿਤੀ ਚਿੰਤਾਜਨਕ ਹੈ।