ਪੰਜਾਬ

punjab

ETV Bharat / bharat

'ਭਾਰਤ ਇੱਕ ਮਹੱਤਵਪੂਰਨ ਦੋਸਤ'– ਮੈਡਾਗਾਸਕਰ ਦੇ ਰੱਖਿਆ ਮੰਤਰੀ - ਚਕਰਵਾਤ ਡਿਏਨ

ਮੈਡਾਗਾਸਕਰ ਦੇ ਰੱਖਿਆ ਮੰਤਰੀ ਲੈਫਟੀਨੈਂਟ ਜਨਰਲ ਰੋਕੋਤਨਿਰੀਨਾ ਰਿਚਰਡ ਦਾ ਕਹਿਣਾ ਹੈ ਕਿ ਮੈਡੇਗਾਸਕਰ ਭਾਰਤ ਦਾ ਸ਼ੁੱਕਰਗੁਜ਼ਾਰ ਹੈ ਕਿ ਭਾਰਤ ਨੇ ਚਕਰਵਾਤ ਡਿਏਨ ਵੱਲੋਂ ਕੀਤੀ ਗਈ ਤਬਾਹੀ ਤੋਂ ਬਾਅਦ ਉਨ੍ਹਾਂ ਦੇ ਨਿੱਕੇ ਜਿਹੇ ਟਾਪੂ ਦੇਸ਼ ਦੀ ਭਰਵੀਂ ਤੇ ਸਮੇਂ ਸਿਰ ਮੱਦਦ ਕੀਤੀ।

'ਭਾਰਤ ਇੱਕ ਮਹੱਤਵਪੂਰਨ ਦੋਸਤ'– ਮੈਡਾਗਾਸਕਰ ਦੇ ਰੱਖਿਆ ਮੰਤਰੀ
ਫ਼ੋਟੋ

By

Published : Feb 12, 2020, 2:03 PM IST

ਮੈਡਾਗਾਸਕਰ ਦੇ ਰੱਖਿਆ ਮੰਤਰੀ ਲੈਫਟੀਨੈਂਟ ਜਨਰਲ ਰੋਕੋਤਨਿਰੀਨਾ ਰਿਚਰਡ ਦਾ ਕਹਿਣਾ ਹੈ ਕਿ ਮੈਡੇਗਾਸਕਰ ਭਾਰਤ ਦਾ ਸ਼ੁੱਕਰਗੁਜ਼ਾਰ ਹੈ ਕਿ ਭਾਰਤ ਨੇ ਚਕਰਵਾਤ ਡਿਏਨ ਵੱਲੋਂ ਕੀਤੀ ਗਈ ਤਬਾਹੀ ਤੋਂ ਬਾਅਦ ਉਨ੍ਹਾਂ ਦੇ ਨਿੱਕੇ ਜਿਹੇ ਟਾਪੂ ਦੇਸ਼ ਦੀ ਭਰਵੀਂ ਤੇ ਸਮੇਂ ਸਿਰ ਮੱਦਦ ਕੀਤੀ। ਈਟੀਵੀ ਭਾਰਤ ਨਾਲ ਕੀਤੀ ਗਈ ਗੱਲਬਾਤ ਵਿੱਚ ਲੈਫਟੀਨੈਂਟ ਜਨਰਲ ਰਿਚਰਡ ਨੇ, ਜਿਨ੍ਹਾਂ ਨੇ ਲਖਨਊ ਵਿੱਚ “ਡਿਫ਼ਐਕਸਪੋ 2020” ਦੇ ਮੌਕੇ ਆਪਣੇ ਹਮਰੁਤਬਾ ਰਾਜਨਾਥ ਸਿੰਘ ਨਾਲ ਅਧਿਕਾਰਕ ਗੱਲਬਾਤ ਕੀਤੀ, ਭਾਰਤ ਨੂੰ ਇਕ ਅਤਿਅੰਤ ਮਹੱਤਵਪੂਰਨ ਮਿੱਤਰ ਕਿਹਾ।

ਪਿਛਲੇ ਕੁਝ ਹਫ਼ਤਿਆਂ ਵਿੱਚ ਭਾਰਤ ਦੀ ਨੌ ਸੈਨਾ ਨੇ ਆਪਣੇ ‘ਓਪਰੇਸ਼ਨ ਵਨੀਲਾ’ ਦੇ ਰਾਹੀਂ ਪੂਰਬੀ ਅਫ਼ਰੀਕਾ ਤੋਂ ਰਤਾ ਕੁ ਹੱਟਵੇਂ ਇਸ ਹਿੰਦ ਮਹਾਂਸਾਗਰੀ ਦੀਪ ਮੈਲਾਗਾਸੀ ਦੀ ਤ੍ਰਸਤ ਅਬਾਦੀ ਨੂੰ ਮੱਦਦ ਮੁਹੱਈਆ ਕਰਵਾਈ। ਆਈ.ਐਨ.ਐਸ. ਐਰਾਵਤ ਨੂੰ ਫ਼ੁਰਤੀ ਨਾਲ ਰਾਹਤ ਕਾਰਜਾਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਮੋੜਿਆ ਗਿਆ ਅਤੇ ਸਥਾਨੀ ਬਾਸ਼ਿੰਦਿਆਂ ਵਾਸਤੇ ਚਕਿਤਸਾ ਕੈਂਪ ਵੀ ਸਥਾਪਿਤ ਕੀਤੇ ਗਏ। ਇਸ ਖਿੱਤੇ ਦੇ ਵਿੱਚ ਸਮੁੰਦਰੀ ਸੁਰੱਖਿਆ ਸਹਿਯੋਗ ਦੇ ਵਿੱਚ ਵਾਧਾ ਕਰਨਾ ਰਾਜਨਾਥ ਸਿੰਘ ਤੇ ਲੈਫ਼ ਜਨ ਰਿਚਰਡ ਦੇ ਦਰਮਿਆਨ, ਪਿਛਲੇ ਹਫ਼ਤੇ ਲਖਨਊ ਵਿਖੇ “ਡਿਫ਼ਐਕਸਪੋ 2020” ਦੇ ਦੂਜੇ ਦਿਨ ਹੋਈ ਗੱਲਬਾਤ ਦਾ ਪ੍ਰਮੁੱਖ ਕੇਂਦਰ ਸੀ। ਇਸ ਗੱਲਬਾਤ ਦੌਰਾਨ ਸ੍ਰੀ ਸਿੰਘ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸਮੁੰਦਰੀ ਗੁਆਂਢੀਆਂ ਵਜੋਂ ‘ਦੋਵਾਂ ਦੇਸ਼ਾਂ ਦੀ ਇਹ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਖਿੱਤੇ ਵਿੱਚ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਖੇਤਰ ਵਿੱਚ ਵਣਜਅਤੇ ਵਪਾਰ ਵਧ ਫੁੱਲ ਸਕਣ’। ਲੈਫਟੀਨੈਂਟ ਜਨਰਲ ਰਿਚਰਡ ਨੇ ਇਸ ਦੇ ਮੋੜ ਵਿੱਚ ਜ਼ੋਰ ਦੇ ਕੇ ਇਹ ਕਿਹਾ ਕਿ ‘ਹਿੰਦ ਮਹਾਂਸਾਗਰ ਦੇ ਸਮੁੰਦਰੀ ਖੇਤਰ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਬਣਾਏ ਰੱਖਣ ਵਿਚ ਭਾਰਤ ਦੀ ਇੱਕ ਬਹੁਤ ਵੱਡੀ ਤੇ ਅਹਿਮ ਭੂਮਿਕਾ ਹੈ’।

ਮੈਡਾਗਾਸਕਰ ਦੇ ਰਾਸ਼ਟਰਪਤੀ ਰਾਜੋਇਲਿਨਾ ਦੇ ਇੱਕ ਟਵੀਟ ਦੇ ਜਵਾਬ ਵਿੱਚ, ਜਿਸ ਵਿੱਚ ਉਨ੍ਹਾਂ ਨੇ ਭਾਰਤ ਦਾ ਇਸ ਮਾਨਵ-ਓਪਕਾਰੀ ਸਹਾਇਤਾ ਲਈ ਭਰਪੂਰ ਸ਼ੁਕਰਿਆ ਅਦਾ ਕੀਤਾ ਹੈ, ਪ੍ਰਧਾਨ ਮੰਤਰੀ ਮੋਦੀ ਨੇ ਕੁਝ ਪਹਿਲਾਂ ਇਹ ਲਿਖਿਆ, “ਹਿੰਦ ਮਹਾਂਸਾਗਰ ਦੁਆਰਾ ਮੈਡਾਗਾਸਕਰ ਨਾਲ ਜੁੜਿਆ ਭਾਰਤ, ਹਰ ਮਾੜੇ ਚੰਗੇ ਵਿੱਚ, ਮੈਡਾਗਾਸਕਰ ਦੇ ਨਾਲ ਖੜੇ ਹੋਣ ਲਈ ਵਚਨਬੱਧ ਹੈ। ਮੈਂ ਤੁਹਾਡੇ ਨਾਲ ਕੰਮ ਮਿਲ ਕੇ ‘Security And Growth For All in the Region’ (SAGAR, ਜਿਸਦਾ ਹਿੰਦੀ ਵਿੱਚ ਅਰਥ ਸਾਗਰ, ਭਾਵ ਸਮੁੰਦਰ, ਵੀ ਹੈ) ਦੇ ਖੇਤਰ ਵਿੱਚ ਕੰਮ ਕਰਨ ਲਈ ਆਤੁਰ ਹਾਂ”।

ਜਿਬੂਟੀ ਵਿਚਲੇ ਇਸ ਦੇ ਸੈਨਿਕ ਅੱਡੇ ਦੇ ਸਦਕਾ ਪੱਛਮੀ ਹਿੰਦ ਮਹਾਂਸਾਗਰ ਦੇ ਖਿੱਤੇ ਵਿੱਚ ਚੀਨ ਦੇ ਲਗਾਤਾਰ ਵੱਧਦੇ ਜਾ ਰਹੇ ਪ੍ਰਭਾਵ ਦੇ ਮੱਦੇਨਜ਼ਰ, ਭਾਰਤ ਨੇ ਵੀ ਅਫ਼ਰੀਕਾ ਵਿੱਚਲੇ ਆਪਣੇ ਭਾਈਵਾਲਾਂ ਨਾਲ ਆਪਣੇ ਰਣਨੀਤਿਕ ਸਹਿਯੋਗ ਵਿੱਚ ਸ਼ਦੀਦ ਵਾਧਾ ਕਰ ਲਿਆ ਹੈ। ਇਸੇ ਰਣਨੀਤੀ ਦੇ ਮੱਦੇਨਜ਼ਰ ਹੀ 6 ਫਰਵਰੀ 2020 ਨੂੰ ਲਖਨਊ ਵਿਖੇ ਭਾਰਤ ਅਤੇ ਅਫ਼ਰੀਕਾ ਦੇ ਰੱਖਿਆ ਮੰਤਰੀਆਂ ਦਾ ਪਹਿਲ ਪਲੇਠਾ ਸਯੁੰਕਤ ਸੰਮੇਲਨ ਦੋ-ਸਾਲਾ ਰੱਖਿਆ ਪ੍ਰਦਰਸ਼ਨੀ ਡੀਫੈਕਸਪੋ ਇੰਡੀਆ 2020 ਦੇ 11 ਵੇਂ ਸੰਸਕਰਣ ਦੌਰਾਨ ਆਯੋਜਿਤ ਕੀਤਾ ਗਿਆ ਸੀ। ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਨੇ ਨਾਈਜੀਰੀਆ, ਈਥੋਪੀਆ ਅਤੇ ਤਨਜ਼ਾਨੀਆ ਵਿੱਚ ਰੱਖਿਆ ਅਕਾਦਮੀਆਂ ਅਤੇ ਕਾਲਜ ਸਥਾਪਤ ਕੀਤੇ ਹਨ; ਬੋਤਸਵਾਨਾ, ਨਾਮੀਬੀਆ, ਯੂਗਾਂਡਾ, ਲੈਸੋਥੋ, ਜ਼ੈਂਬੀਆ, ਮਾਰੀਸ਼ਸ, ਸੇਸ਼ੇਲਸ, ਤਨਜ਼ਾਨੀਆ ਸਮੇਤ ਕਈ ਹੋਰ ਅਫਰੀਕੀ ਦੇਸ਼ਾਂ ਵਿਚ ਸਿਖਲਾਈ ਟੀਮਾਂ ਤਾਇਨਾਤ ਕੀਤੀਆਂ ਅਤੇ ਨੌ ਸੈਨਾ ਦੇ ਸਮੁੰਦਰੀ ਜਹਾਜਾਂ ਦੇ ਸਦਭਾਵਨਾ ਦੌਰੇ ਦੇ ਨਾਲ ਨਾਲ ਰੱਖਿਆ ਸਿਖਲਾਈ ਪ੍ਰੋਗਰਾਮ ਵੀ ਕੀਤੇ।

ਰੱਖਿਆ ਮੰਤਰੀਆਂ ਦੀ ਮੁਲਾਕਾਤ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ “ਅਸੀਂ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਕਾਰਜਾਂ ਵਿਚ ਭਾਰਤੀ ਰੱਖਿਆ ਬਲਾਂ ਦੇ ਯੋਗਦਾਨ ਨੂੰ ਵੀ ਮੰਨਦੇ ਹਾਂ ਜਿਵੇਂ ਕਿ ਮੌਜ਼ੈਂਮਬੀਕ ਵਿਚ ਸਾਲ 2019 ਵਿਚ ਆਏ ਚੱਕਰਵਾਤ ਇਡਾਈ ਦੀ ਆਪਦਾ ਤੋਂ ਬਾਅਦ ਅਤੇ ਸਾਲ 2018 ਵਿੱਚ ਜਿਬੂਟੀ ਦੇ ਜ਼ਰੀਏ 41 ਦੇਸ਼ਾਂ ਦੇ ਫ਼ਸੇ ਹੋਏ ਵਿਅਕਤੀਆਂ ਨੂੰ ਸੁਰੱਖਿਅਤ ਕੱਢਣਾ ਅਤੇ ਮੈਡਾਗਾਸਕਰ ਸਮੇਤ ਕਈ ਹੋਰ ਦੇਸ਼ਾਂ ਵਿੱਚ ਪਿਛਲੇ ਕਈ ਸਾਲਾਂ ਦੌਰਾਨ ਅਜਿਹੇ ਅਨੇਕਾਂ ਹੋਰ ਬਚਾਅ ਅਤੇ ਰਾਹਤ ਓਪ੍ਰੇਸ਼ਨ” ਦਹਿਸ਼ਤਵਾਦ ਅਤੇ ਅੱਤਵਾਦ, ਸਮੁੰਦਰੀ ਲੁਟੇਰਿਆਂ ਦੀ ਸਮੱਸਿਆ, ਮਨੁੱਖੀ ਤਸਕਰੀ, ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ ਸਮੇਤ ਸੰਗਠਿਤ ਅਪਰਾਧ ਆਦਿ ਦੀਆਂ ਸਾਂਝੀਆਂ ਸੁਰੱਖਿਆ ਚੁਣੌਤੀਆਂ ਨੂੰ ਪਛਾਣਦਿਆਂ, ਰੱਖਿਆ ਮੰਤਰੀਆਂ ਦੇ ਇਸ ਸੰਮੇਲਨ ਵਿੱਚ ਵੀ ਸੁਰੱਖਿਆ ਖੇਤਰ ਵਿੱਚ ਵਧੇਰੇ ਸਹਿਯੋਗ ਦੀ ਮੰਗ ਕੀਤੀ ਗਈ। ਰਸਮੀ ਬਿਆਨ ਵਿੱਚ ਕਿਹਾ ਗਿਆ ਕਿ,' 'ਅਸੀਂ ਰੱਖਿਆ ਉਦਯੋਗ ਦੇ ਖੇਤਰ ਵਿੱਚ ਹੋਰ ਗਹਿਰੇ ਸਹਿਯੋਗ ਦੀ ਮੰਗ ਕਰਦੇ ਹਾਂ ਜਿਸ ਵਿਚ ਨਿਵੇਸ਼, ਰੱਖਿਆ ਉਪਕਰਣ ਸਾੱਫਟਵੇਅਰ ਵਿੱਚ ਸਾਂਝੇ ਉੱਦਮ, ਡਿਜੀਟਲ ਰੱਖਿਆ, ਖੋਜ ਅਤੇ ਵਿਕਾਸ, ਰੱਖਿਆ ਉਪਕਰਣਾਂ ਦੀ ਸਪਲਾਈ, ਵਾਧੂ ਪੁਰਜਿਆਂ ਦੀ ਸਪਲਾਈ, ਅਤੇ ਆਪਸੀ ਲਾਭਕਾਰੀ ਅਤੇ ਨਿਬਣਯੋਗ ਸ਼ਰਤਾਂ' ਤੇ ਉਨ੍ਹਾਂ ਦਾ ਰੱਖ-ਰਖਾਅ ਆਦਿ ਸ਼ਾਮਿਲ ਹੋਣ”।

ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨਾਲ ਗੱਲਬਾਤ ਦੌਰਾਨ, ਰੱਖਿਆ ਮੰਤਰੀ ਰਿਚਰਡ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਉੱਭਰ ਰਹੀ ਅਰਥਚਾਰਿਆਂ ਦੀ ਰੱਖਿਆ ਸਮਰੱਥਾ ਨੂੰ ਬਦਲਣ ਵਿੱਚ ਸਹਾਇਤਾ ਕਰ ਸਕਦਾ ਹੈ। ਮੈਡਾਗਾਸਕਰ ਨੇ ਇਸੇ ਦੌਰਾਨ ਭਾਰਤੀ ਰੱਖਿਆ ਮੰਤਰੀ ਨੂੰ ਇਸ ਸਾਲ 26 ਜੂਨ ਨੂੰ ਹੋਣ ਵਾਲੇ ਆਪਣੇ ਸੁਤੰਤਰਤਾ ਦਿਵਸ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।

ਪ੍ਰਸ਼ਨ 1. ਸਾਨੂੰ ਥੋੜਾ ਇਹ ਸਮਝਾਓ ਕਿ ਮੈਡਾਗਾਸਕਰ ਦੇ ਵਿੱਚ ਹਾਲ ਹੀ ਦੇ ਵਿੱਚ ਆਏ ਚੱਕਰਵਾਤ ਨੇ ਕਿੰਨਾਂ ਕੁ ਵਿਨਾਸ਼ ਕੀਤਾ ਹੈ?
ਲੈਫ਼ ਜਨ ਰਿਚਰਡ:- ਆਖਰੀ ਲਗਾਤਾਰ ਪਏ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਆਇਆ ਅਤੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਅਧਿਕਾਰਕ ਤੌਰ 'ਤੇ, ਮੈਡਾਗਾਸਕਰ ਦੇ ਵਿੱਚ ਕੁੱਲ 21 ਮੌਤਾਂ ਹੋਇਆਂ ਹਨ, 20 ਦੇ ਕਰੀਬ ਵਿਅਕਤੀ ਹਾਲੇ ਲਾਪਤਾ ਹਨ ਅਤੇ ਲਗਭਗ 80,000 ਦੇ ਕਰੀਬ ਲੋਕਾਂ ਨੂੰ ਬੇਘਰ ਹੋਣਾ ਪਿਆ ਹੈ।

ਪ੍ਰਸ਼ਨ 2. ਸਭ ਤੋਂ ਪਹਿਲਾਂ ਉਪੜਨ ਵਾਲੇ ਮੱਦਦਗਾਰ ਦੇ ਵਜੋਂ ਭਾਰਤੀ ਸਹਾਇਤਾ ਕਿੰਨੀ ਕੁ ਮਹੱਤਵਪੂਰਣ ਰਹੀ ਹੈ? ਨਵੀਂ ਦਿੱਲੀ ਤੋਂ ਤੁਹਾਡੀਆਂ ਹੋਰ ਉਮੀਦਾਂ ਕੀ ਹਨ?
ਲੈਫ਼ ਜਨ ਰਿਚਰਡ:- ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਅਸਲ ਵਿੱਚ ਮਹੱਤਵਪੂਰਨ ਰਹੀ ਹੈ ਕਿਉਂਕਿ ਲਗਭਗ 5 ਟਨ ਭੋਜਨ ਅਤੇ ਦਵਾਈ ਲਿਆਉਣ ਤੋਂ ਇਲਾਵਾ ਸਿਹਤ ਸੰਭਾਲ ਵੀ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ ਹੀ, ਮੈਡਾਗਾਸਕਰ ਇਸ ਮੁਸ਼ਕਲ ਸਮੇਂ ਦੇ ਦੌਰਾਨ ਥੋੜੇ ਸਮੇਂ ਵਿੱਚ ਮਾਲਾਗਾਸੀ ਦੀ ਆਬਾਦੀ ਦੀ ਮੱਦਦ ਕਰਨ ਲਈ ਸਭ ਤੋਂ ਪਹਿਲਾਂ ਅੱਪੜਨ ਲਈ ਭਾਰਤ ਨੂੰ ਇੱਕ ਮਹਾਨ ਤੇ ਅਤਿ ਮਹੱਤਵਪੂਰਣ ਦੋਸਤ ਵਜੋਂ ਮਾਨਤਾ ਦਿੰਦਾ ਹੈ। ਮੈਡਾਗਾਸਕਰ ਦੇ ਰਾਸ਼ਟਰਪਤੀ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਹੀਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

ਪ੍ਰਸ਼ਨ 3. ਕੀ ਭਾਰਤ ਨੂੰ ਹਿੰਦ ਮਹਾਂਸਾਗਰ ਖੇਤਰ ਵਿੱਚ ਨਿਰੋਲ ਸੁਰੱਖਿਆ ਪ੍ਰਦਾਤਾ ਹੋਣ ਦੀ ਦਿਖਾਉਣਯੋਗ ਕਾਬਲਿਅਤ ਫ਼ਰਹਾਮ ਹੈ?
ਲੈਫ਼ ਜਨ ਰਿਚਰਡ:- ਭਾਰਤ ਆਪਣੇ ਹੁਨਰ ਅਤੇ ਵਿਸ਼ਵਵਿਆਪੀ ਪ੍ਰਸਿੱਧੀ ਲਈ ਮਾਨਤਾ ਪ੍ਰਾਪਤ ਇਕ ਵੱਡਾ ਦੇਸ਼ ਹੈ। ਇਸ ਦੇਸ਼ ਨੇ ਡਿਫ਼ਐਕਸਪੋ ਦੇ ਰਾਹੀਂ ਵਿਸ਼ਵ ਦੇ ਦੂਜੇ ਦੇਸ਼ਾਂ ਪ੍ਰਤੀ ਆਪਣੀ ਖਿੱਚ ਦੀ ਤਾਕਤ ਨੂੰ ਪ੍ਰਦਰਸ਼ਿਤ ਕੀਤਾ ਹੈ। ਇਸ ਦੇ ਨਾਲ ਹੀ, ਅਫਰੀਕੀ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਆਪਣੇ ਭਾਰਤੀ ਹਮਰੁਤਬਾ ਨਾਲ ਹੋਈ ਵਾਰਤਾ ਨੇ ਅਫਰੀਕੀ ਦੇਸ਼ਾਂ ਦੀ ਭਾਰਤੀ ਕੰਪਿਉਟਰ ਉਦਯੋਗ ਪ੍ਰਤੀ ਵੱਧ ਰਹੀ ਰੁਚੀ ਨੂੰ ਦਰਸਾਇਆ ਹੈ। ਇਸ ਦੇ ਅਤਰਿਕਤ, ਉਹਨਾਂ ਨੇ ਤਰੱਕੀ ਅਤੇ ਭਾਰਤ ਦੀ ਤਕਨੀਕੀ ਤਾਕਤ ਦੇ ਮੱਦੇਨਜ਼ਰ ਭਾਰਤ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਨੂੰ ਜ਼ਾਹਿਰ ਕੀਤਾ ਹੈ।

ਪ੍ਰਸ਼ਨ 4. ਤੁਹਾਡਾ ਲਖਨਊ ਦੇ ਇਸ ਡਿਫੈਂਸ ਐਕਸਪੋ ਤੋਂ ਕੀ ਹਾਸਲ ਰਿਹਾ ਹੈ? ਕਿਹੋ ਜਿਹਾ ਰਿਹਾ ਹੈ ਤੁਹਾਡਾ ਤਜੁਰਬਾ?
ਲੈਫ਼ ਜਨ ਰਿਚਰਡ:- ਡਿਫ਼ਐਕਸਪੋ (DefExpo) ਸਭ ਤੋਂ ਪਹਿਲਾਂ ਕਿਸੇ ਦੇਸ਼ ਦੇ ਇਤਿਹਾਸ ਵਿੱਚ ਇੱਕ ਵੱਡਾ ਕਾਰਜਕ੍ਰਮ ਹੁੰਦਾ ਹੈ, ਕਿਉਂਕਿ ਇਹ ਉਸ ਦੇਸ਼ ਦੀ ਹੋਰ ਅੱਗੇ ਜਾਣ ਦੀ ਸਮਰੱਥਾ ਨੂੰ ਭਲੀਭਾਂਤ ਦਰਸਾਉਂਦਾ ਹੈ। ਰੱਖਿਆ ਡਿਜੀਟਲਾਈਜ਼ੇਸ਼ਨ ਦੇ ਮਾਮਲੇ ਵਿਚ ਭਾਰਤ ਦੀ ਕਾਰਗੁਜ਼ਾਰੀ ਉੱਭਰ ਰਹੇ ਦੇਸ਼ਾਂ ਦੀ ਰੱਖਿਆ ਤੇ ਸੁਰੱਖਿਅ ਦੇ ਮਸਲੇ ਦਾ ਕਾਇਆ ਕਲਪ ਕਰਨ ਦੀ ਸਮਰੱਥਾ ਰੱਖਦੀ ਹੈ ਤੇ ਉਹਨਾਂ ਲਈ ਭਵਿੱਖ ਦਾ ਰਾਹ ਖੋਲ੍ਹਦੀ ਹੈ। ਸੈਨਿਕ ਮਾਮਲਿਆਂ ਵਿਚ ਇਨਕਲਾਬ ਹੁਣ ਕੋਈ ਤਿਲਕਵੀਂ ਧਾਰਣਾ ਨਹੀਂ ਰਿਹਾ। ਇਸ ਲਈ ਅਚਾਨਕ ਹੀ, ਹੇਠਲੇ ਪੱਧਰ 'ਤੇ ਬਾਰਬਾਰ ਆਉਂਦੀਆਂ ਸੁਰੱਖਿਆ ਸਮੱਸਿਆਵਾਂ ਜਿਵੇਂ ਕਿ ਸਰਹੱਦ ਕੰਟਰੋਲ ਜਾਂ ਕਿਸੇ ਵੀ ਰਾਜ ਦੇ ਅੰਦਰ ਹਥਿਆਰਬੰਦ ਘੋਲ ਨੂੰ ਨਿਯੰਤਰਣ ਕਰਨ ਆਦਿ ਦੀਆਂ ਆਉਂਦੀਆਂ ਸੁਰੱਖਿਆ ਸਮੱਸਿਆਵਾਂ ਦੇ ਹੱਲ ਲਈ ਵੀ ਇਸ ਡਿਜੀਟਲਾਈਜ਼ੇਸ਼ਨ ਵਿਚ ਵੱਧ ਰਹੀ ਦਿਲਚਸਪੀ ਦਾ ਇਜ਼ਹਾਰ ਹੋ ਰਿਹਾ ਹੈ।

ਪ੍ਰਸ਼ਨ 5. ਤੁਸੀਂ ਭਵਿੱਖ ਵਿੱਚ ਭਾਰਤ ਅਤੇ ਮੈਡਾਗਾਸਕਰ ਵਿਚਾਲੇ ਕਿਸ ਤਰ੍ਹਾਂ ਦੇ ਸੈਨਿਕ ਅਤੇ ਸੁਰੱਖਿਆ ਸਹਿਯੋਗ ਦੀ ਉਮੀਦ ਕਰਦੇ ਹੋ?
ਲੈਫ਼ ਜਨ ਰਿਚਰਡ:- ਲਖਨਊ ਦੇ ਵਿੱਚ ਡਿਫੇਕਸਪੋ ਦੇ ਇੱਕ ਪਾਸੇ, ਮੈਡਾਗਾਸਕਰ ਸਮੇਤ ਭਾਰਤੀ ਅਤੇ ਅਫਰੀਕੀ ਦੇਸ਼ਾਂ ਦੇ ਰੱਖਿਆ ਮੰਤਰੀਆਂ ਦਾ ਇੱਕ ਸੰਮੇਲਨ ਹੋਇਆ। ਟੀਚਾ ਹਮੇਸ਼ਾਂ ਤੋਂ ਹੀ ਭਾਰਤ-ਅਫਰੀਕਾ ਸਹਿਯੋਗ ਦੇ ਚੌਖਟੇ ਦੇ ਅੰਦਰ ਅੰਤਰਰਾਸ਼ਟਰੀ ਸੁਰੱਖਿਆ ਵਿੱਚ ਸੁਧਾਰ ਲਿਆਉਣਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਫਰੀਕਾ ਨਾਲ ਭਾਰਤ ਦਾ ਨੇੜਲਾ ਸਬੰਧ ਹੈ, ਇਸ ਸੰਦਰਭ ਵਿੱਚ ਦੱਖਣੀ ਅਫਰੀਕਾ ਵਿੱਚ ਲੰਮਾਂ ਸਮਾਂ ਬਿਤਾਉਣ ਵਾਲੇ ਗਾਂਧੀ ਦਾ ਜ਼ਿਕਰ ਕਰਨ ਹੀ ਕਾਫ਼ੀ ਹੋਵੇਗਾ, ਜਿਸ ਤਰ੍ਹਾਂ ਨਾਲ ਮੌਜੂਦਾ ਪ੍ਰਧਾਨ ਮੰਤਰੀ ਦਾ ਜ਼ਿੰਬਾਬਵੇ ਨਾਲ ਸਬੰਧ ਹੈ। ਇਕ ਤੱਥ ਇਹ ਵੀ ਹੈ ਕਿ ਭਾਰਤ ਨੇ ਗੁੱਟ-ਨਿਰਪੇਖ ਮੁੱਲਕਾਂ ਦੀ ਧਾਰਨਾ ਦੀ ਸ਼ੁਰੂਆਤ ਕੀਤੀ ਸੀ, ਇਹ ਸਭ ਸਾਨੂੰ ਭਾਰਤ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰਦਾ ਹੈ। ਹਿੰਦ ਮਹਾਂਸਾਗਰ ਜਿੱਥੇ ਮੈਡਾਗਾਸਕਰ ਸਥਿਤ ਹੈ, “ਭਾਰਤ” ਦਾ ਨਾਮ ਰੱਖਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕਿ ਸਾਡੇ ਪ੍ਰਤੀਨਿਧੀ ਮੰਡਲ ਨੇ ਇਸ ਇਜਲਾਸ ਵਿੱਚ ਸ਼ਿਰਕਤ ਕੀਤੀ

ABOUT THE AUTHOR

...view details