ਨਵੀਂ ਦਿੱਲੀ: ਸਾਰੀ ਦੁਨੀਆ ਕੋਰੋਨਾ ਸੰਕਟ ਦੀ ਲਪੇਟ ਵਿਚ ਹੈ। ਇਹ ਭਾਰਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਇਸ ਮਹਾਮਾਰੀ ਕਾਰਨ ਵਪਾਰ ਅਤੇ ਪੁਰੀ ਤਰ੍ਹਾਂ ਠੱਪ ਹੋ ਗਏ ਹਨ। ਇਸ ਦੌਰਾਨ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਤੋਂ ਬਚਣ ਲਈ ਕੁਝ ਸੁਝਾਅ ਦਿੱਤੇ ਹਨ। ਰਾਜਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਵੱਡੇ ਆਰਥਿਕ ਐਮਰਜੈਂਸੀ ਪੜਾਅ ਵਿੱਚ ਹੈ।
ਗ਼ਰੀਬਾਂ ‘ਤੇ ਖਰਚ ਕਰਨ ਦੀ ਲੋੜ
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗ਼ਰੀਬਾਂ ‘ਤੇ ਖਰਚ ਕਰਨ ਅਤੇ ਘੱਟ ਜ਼ਰੂਰੀ ਖਰਚਿਆਂ ਤੋਂ ਪਰਹੇਜ਼ ਕਰਨ ਵੱਲ਼ ਧਿਆਨ ਦੇਣਾ ਚਾਹੀਦਾ ਹੈ। ਰਘੂਰਾਮ ਰਾਜਨ ਨੇ ਇੱਕ ਬਲਾਗ ਵਿੱਚ ਕਿਹਾ ਕਿ ਗਰੀਬਾਂ ਉੱਤੇ ਖਰਚ ਕਰਨਾ ਸਹੀ ਹੈ। ਉਨ੍ਹਾਂ ਕਿਹਾ ਕਿ ਸੀਮਤ ਸਰੋਤ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ। ਹਾਲਾਂਕਿ, ਇਸ ਸਮੇਂ ਲੋੜਵੰਦ ਲੋਕਾਂ 'ਤੇ ਵੱਧ ਖਰਚਾ ਕਰਨਾ ਜ਼ਰੂਰੀ ਹੈ। ਇਹ ਸਾਡੇ ਲਈ ਇੱਕ ਰਾਸ਼ਟਰ ਵਜੋਂ ਸਹੀ ਹੈ ਅਤੇ ਕੋਰੋਨਾ ਵਾਇਰਸ ਖ਼ਿਲਾਫ਼ ਯੁੱਧ ਵਿਚ ਯੋਗਦਾਨ ਦੇਣ ਦੇ ਲਿਹਾਜ਼ ਤੋਂ ਸਹੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀਆਂ ਬਜਟ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰ ਸਕਦੇ ਹਾਂ, ਖ਼ਾਸਕਰ ਜਦੋਂ ਆਮਦਨੀ ਵੀ ਇਸ ਸਾਲ ਪ੍ਰਭਾਵਤ ਹੋਵੇਗੀ। ਅਸੀਂ ਉਸ ਸਮੇਂ ਕੋਰੋਨਾ ਦੇ ਸੰਕਟ ਵਿੱਚ ਫਸ ਗਏ ਹਾਂ ਜਦੋਂ ਵਿੱਤੀ ਘਾਟਾ ਪਹਿਲਾਂ ਹੀ ਵੱਧ ਹੈ ਅਤੇ ਖਰਚਿਆਂ ਨੂੰ ਵਧਾਉਣ ਦੀ ਜ਼ਰੂਰਤ ਹੈ।
ਕੇਂਦਰ ਤੇ ਰਾਜ ਰਲ਼ ਕੇ ਰਣਨਿਤੀ ਬਣਾਉਣ
ਲੌਕਡਾਊਨ ਤੋਂ ਬਾਅਦ ਦੀ ਯੋਜਨਾ ਬਾਰੇ ਰਾਜਨ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਗਰੀਬ ਅਤੇ ਘੱਟ ਆਮਦਨੀ ਮੱਧਵਰਗੀ ਜੀਵਨ ਬਸਰ ਕਰ ਸਕੇ, ਜਿਨ੍ਹਾਂ ਨੂੰ ਲੰਮੇ ਸਮੇਂ ਲਈ ਕੰਮ ਕਰਨ ਤੋਂ ਰੋਕਿਆ ਗਿਆ ਹੈ। ਕੇਂਦਰ ਅਤੇ ਰਾਜਾਂ ਨੂੰ ਮਿਲ ਕੇ ਰਣਨੀਤੀ ਬਣਾਉਣੀ ਪਵੇਗੀ ਅਤੇ ਅਗਲੇ ਕੁਝ ਮਹੀਨਿਆਂ ਲਈ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੇ ਖਾਤਿਆਂ ਵਿੱਚ ਡੀਬੀਟੀ ਰਾਹੀਂ ਪੈਸੇ ਪਾਉਣੇ ਪੈਣਗੇ।