ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 16 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 6088 ਮੌਤਾਂ ਹੋ ਚੁੱਕੀਆਂ ਹਨ। ਬੁੱਧਵਾਰ ਨੂੰ ਭਾਰਤ ਵਿੱਚ 9638 ਨਵੇਂ ਪੌਜ਼ੀਟਿਵ ਮਾਮਲੇ ਦਰਜ ਕੀਤੇ ਗਏ ਅਤੇ ਲਗਾਤਾਰ 6ਵੇਂ ਦਿਨ 200 ਤੋਂ ਵੱਧ ਮੌਤਾਂ ਹੋਈਆਂ। ਇਸ ਤੋਂ ਪਹਿਲਾਂ 31 ਮਈ ਨੂੰ ਸਭ ਤੋਂ ਵੱਧ 8789 ਮਰੀਜ਼ ਪੌਜ਼ੀਟਿਵ ਆਏ ਸਨ। ਕੋਰੋਨਾ ਦੇ ਕੁੱਲ ਮਾਮਲਿਆਂ ਵਿੱਚ ਭਾਰਤ ਏਸ਼ੀਆ 'ਚ ਪਹਿਲੇ ਨੰਬਰ 'ਤੇ ਅਤੇ ਦੁਨੀਆ 'ਚ 7ਵੇਂ ਨੰਬਰ 'ਤੇ ਆ ਗਿਆ ਹੈ।
ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ 2560 ਕੋਰੋਨਾ ਪੌਜ਼ੀਟਿਵ ਮਰੀਜ਼ ਸਾਹਮਣੇ ਆਏ। ਇਸ ਦੇ ਨਾਲ ਹੀ ਦਿੱਲੀ ਵਿੱਚ 1513, ਤਾਮਿਲਨਾਡੂ 'ਚ 1286, ਗੁਜਰਾਤ 'ਚ 485, ਆਂਧਰਾ ਪ੍ਰਦੇਸ਼ 'ਚ 180, ਬਿਹਾਰ 'ਚ 230, ਓਡੀਸ਼ਾ 'ਚ 143 ਨਵੇਂ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ।