ਨਵੀਂ ਦਿੱਲੀ: ਅਸਲ-ਕੰਟਰੋਲ ਰੇਖਾ (ਐਲਏਸੀ) 'ਤੇ ਤਣਾਅ ਘੱਟ ਕਰਨ ਲਈ ਭਾਰਤ-ਚੀਨ ਫੌਜ ਵਿਚਾਲੇ ਇੱਕ ਵਾਰ ਫਿਰ ਤੋਂ ਮਿਲਟਰੀ ਕਮਾਂਡਰ ਪੱਧਰੀ ਗੱਲਬਾਤ ਹੋਈ। ਇਹ ਬੈਠਕ ਚੀਨੀ ਸੈਨਾ ਦੀ ਬੇਨਤੀ 'ਤੇ ਬੁਲਾਈ ਗਈ ਸੀ, ਜੋ ਤਕਰੀਬਨ 11 ਘੰਟੇ ਚੱਲੀ। ਕੋਰ ਕਮਾਂਡਰ ਪੱਧਰ ਦੀ ਮੀਟਿੰਗ ਚੀਨ ਵੱਲ ਮੋਲਡੋ ਖੇਤਰ ਵਿੱਚ ਹੋਈ। ਜਾਣਕਾਰੀ ਮੁਤਾਬਕ ਇਹ ਗੱਲਬਾਤ ਅੱਜ ਮੁੜ ਤੋਂ ਹੋ ਸਕਦੀ ਹੈ।
ਫੌਜ ਮੁਖੀ ਅੱਜ ਲੇਹ ਦਾ ਕਰਨਗੇ ਦੌਰਾ, ਮੁੜ ਤੋਂ ਹੋ ਸਕਦੀ ਹੈ ਭਾਰਤ-ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ - ਐਲਏਸੀ
ਭਾਰਤ-ਚੀਨ ਵਿਚਾਲੇ ਚੱਲ ਰਹੇ ਤਣਾਅ ਨੂੰ ਖ਼ਤਮ ਕਰਨ ਲਈ ਦੋਵਾ ਦੇਸ਼ਾਂ ਵਿਚਕਾਰ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਹੋਈ। ਇਹ ਮੀਟਿੰਗ ਕਰੀਬ 11 ਘੰਟੇ ਚੱਲੀ।
ਭਾਰਤੀ ਪੱਖ ਦੀ ਅਗਵਾਈ 14 ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ, ਜਦਕਿ ਚੀਨੀ ਪੱਖ ਦੀ ਅਗਵਾਈ ਤਿੱਬਤ ਮਿਲਟਰੀ ਜ਼ਿਲ੍ਹੇ ਦੇ ਕਮਾਂਡਰ ਨੇ ਕੀਤੀ। ਗੱਲਬਾਤ ਦੌਰਾਨ ਭਾਰਤ ਨੇ ਚੀਨ ਤੋਂ ਐਲਏਸੀ ਤੋਂ ਫੌਜੀਆਂ ਦੀ ਵਾਪਸੀ ਦੀ ਇੱਕ ਸਮੇਂ ਸੀਮਾ ਦੀ ਮੰਗ ਕੀਤੀ। ਇਸ ਤੋਂ ਇਲਾਵਾ, ਫਿੰਗਰ 4 ਸਮੇਤ, 2 ਮਈ ਤੋਂ ਪਹਿਲਾਂ ਦੀ ਸਥਿਤੀ ਅਤੇ ਤੈਨਾਤੀ ਨੂੰ ਕਾਇਮ ਰੱਖਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਸੋਮਵਾਰ ਸਵੇਰੇ 11 ਵਜੇ ਤੋਂ ਮੀਟਿੰਗ ਚੱਲ ਰਹੀ ਸੀ, ਜੋ ਦੇਰ ਰਾਤ ਨੂੰ ਖਤਮ ਹੋਈ।
ਐਲਏਸੀ 'ਤੇ ਚੱਲ ਰਹੇ ਤਣਾਅ ਵਿਚਕਾਰ ਸੈਨਾ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਮੰਗਲਵਾਰ ਨੂੰ ਲੇਹ ਪਹੁੰਚਣਗੇ। ਸੈਨਾ ਮੁਖੀ ਉੱਥੇ ਤਾਇਨਾਤ 14 ਵੀਂ ਕੋਰ ਦੇ ਸੈਨਿਕ ਅਧਿਕਾਰੀਆਂ ਨਾਲ ਸਥਿਤੀ ਦੀ ਸਮੀਖਿਆ ਕਰਨਗੇ।