ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਤਣਾਅ ਜਾਰੀ ਹੈ। ਤਣਾਅ ਘਟਾਉਣ ਲਈ ਦੋਵੇਂ ਗੁਆਂਢੀ ਦੇਸ਼ ਸੈਨਿਕ ਅਤੇ ਕੂਟਨੀਤਕ ਪੱਧਰ 'ਤੇ ਲਗਾਤਾਰ ਬੈਠਕ ਕਰ ਰਹੇ ਹਨ।
ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ ਪੱਖ ਸੈਨਿਕਾਂ ਨੂੰ ਪਿੱਛੇ ਹਟਾਉਣ ਲਈ ਗੱਲਬਾਤ ਜਾਰੀ ਰੱਖਣਗੇ ਅਤੇ ਸਥਿਤੀ ਵਿੱਚ ਬਦਲਾਅ ਦੇ ਕਿਸੇ ਇਕਪਾਸੜ ਕੋਸ਼ਿਸ਼ ਤੋਂ ਦੂਰ ਰਹਿਣਗੇ।
ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਵਿਚਾਰ ਵਟਾਂਦਰੇ ਅਤੇ ਤਾਲਮੇਲ ਲਈ ਕਾਰਜਕਾਰੀ ਢਾਂਚੇ ਦੀ ਅਗਲੀ ਬੈਠਕ ਜਲਦੀ ਹੋਣ ਦੀ ਸੰਭਾਵਨਾ ਹੈ।
ਐਮਈਏ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਵੀਰਵਾਰ ਨੂੰ ਮੀਡੀਆ ਬ੍ਰੀਫਿੰਗ ਕਰਦੇ ਹੋਏ ਮੰਤਰਾਲੇ ਦੇ ਮੁਤਾਬਕ ਕੋਰ ਕਮਾਂਡਰ ਪੱਧਰ 'ਤੇ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਅਸਲ ਕੰਟਰੋਲ ਰੇਖਾ 'ਤੇ ਤਨਾਅ ਘੱਟ ਕਰਨ ਲਈ ਦੋਵੇਂ ਪੱਖਾਂ ਦੀ ਵਚਨਬੱਧਤਾ ਸਪੱਸ਼ਟ ਹੈ। ਫੌਜਾਂ ਦੀ ਵਾਪਸੀ ਇੱਕ ਗੁੰਝਲਦਾਰ ਪ੍ਰਕਿਰਿਆ ਹੈ, ਜਿਸ ਦੇ ਤਹਿਤ ਦੋਵਾਂ ਪਾਸਿਆਂ ਦੀਆਂ ਨਿਯਮਤ ਚੌਕੀਆਂ 'ਤੇ ਫ਼ੌਜੀ ਤਾਇਨਾਤ ਕੀਤੇ ਜਾਂਦੇ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤੀ ਸੈਨਾ ਅਤੇ ਚੀਨੀ ਫੌਜ ਵੱਲੋਂ ਸਾਂਝੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਪੂਰਬੀ ਲੱਦਾਖ ਵਿੱਚ ਤਣਾਅ ਘੱਟ ਕਰਨ ਦੇ ਮੱਦੇਨਜ਼ਰ ਅੱਗੇ ਮੋਰਚੇ ‘ਤੇ ਹੋਰ ਫੌਜ ਨਹੀਂ ਭੇਜਣਗੇ। ਜ਼ਮੀਨੀ ਸਥਿਤੀ ਨੂੰ ਇਕਪਾਸੜ ਢੰਗ ਨਾਲ ਨਾ ਬਦਲਣ ਅਤੇ ਮਾਮਲੇ ਨੂੰ ਹੋਰ ਵੱਡਾ ਬਣਾਉਣ ਵਾਲੇ ਕਦਮਾਂ ਤੋਂ ਬਚਣ ਲਈ ਸਹਿਮਤ ਹੋਏ।
ਇਸ ਤੋਂ ਇੱਕ ਦਿਨ ਪਹਿਲਾਂ ਭਾਰਤ ਅਤੇ ਚੀਨ ਦੇ ਸੈਨਿਕ ਕਮਾਂਡਰਾਂ ਵਿਚਾਲੇ ਗੱਲਬਾਤ ਦਾ ਛੇਵਾਂ ਦੌਰ 14 ਘੰਟਿਆਂ ਤੱਕ ਚੱਲਿਆ ਸੀ।
ਮਈ ਵਿੱਚ ਟਕਰਾਅ ਤੋਂ ਬਾਅਦ, ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਹਜ਼ਾਰਾਂ ਸੈਨਿਕ ਐਲਏਸੀ 'ਤੇ ਤਾਇਨਾਤ ਕੀਤੇ ਹਨ। 15 ਜੂਨ ਨੂੰ ਗਲਵਾਨ ਘਾਟੀ ਵਿੱਚ ਇਕ ਹਿੰਸਕ ਝੜਪ ਵਿੱਚ 20 ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਤੋਂ ਬਾਅਦ ਲੱਦਾਖ ਵਿੱਚ ਸਥਿਤੀ ਕਾਫ਼ੀ ਵਿਗੜ ਗਈ।
ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਚੀਨੀ ਸੈਨਾ) ਨੇ ਪਿਛਲੇ ਤਿੰਨ ਹਫ਼ਤਿਆਂ ਵਿੱਚ ਪੈਨਗੋਂਗ ਝੀਲ ਦੇ ਦੱਖਣੀ ਅਤੇ ਉੱਤਰੀ ਕੰਢੇ ਉੱਤੇ ਭਾਰਤੀ ਸੈਨਿਕਾਂ ਨੂੰ ਧਮਕਾਉਣ ਲਈ ਘੱਟੋ ਘੱਟ ਤਿੰਨ ਵਾਰ ਕੋਸ਼ਿਸ਼ ਕੀਤੀ। ਇਥੋਂ ਤੱਕ ਕਿ 45 ਸਾਲਾਂ ਵਿੱਚ ਪਹਿਲੀ ਵਾਰ, ਅਸਲ ਕੰਟਰੋਲ ਰੇਖਾ 'ਤੇ ਹਵਾ ਵਿੱਚ ਗੋਲੀਆਂ ਚਲਾਈਆਂ ਗਈਆਂ ਹਨ।
(ਏਐਨਆਈ)