ਇਸਲਾਮਾਬਾਦ: ਭਾਰਤ ਪਾਕਿ ਵਿਚਕਾਰ ਬਣ ਰਹੇ ਕਰਤਾਰਪੁਰ ਲਾਂਘੇ 'ਤੇ ਲਗਾਈ ਗਈ 20 ਡਾਲਰ ਫੀਸ 'ਤੇ ਪਾਕਿ ਸਰਕਾਰ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਪਾਕਿ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।
ਇਹ ਐਲਾਨ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਇੱਕ ਦਿਨ ਲਈ ਕਰਤਾਰਪੁਰ ਲਾਂਘੇ ਦੀ ਕੋਈ ਫੀਸ ਨਹੀਂ ਲਈ ਜਾਵੇਗੀ।
ਪਾਕਿ ਸਰਕਾਰ ਵੱਲੋਂ ਸ਼ਰਧਾਲੂ ਦੀ ਫੀਸ ਮੁਆਫ ਕਰਨ ਲਈ 2 ਸ਼ਰਤਾਂ ਰੱਖੀਆ ਹਨ। ਦਰਸ਼ਨ ਕਰਨ ਜਾਣ ਵਾਲੇ ਸਿੱਖਾਂ ਲਈ ਹੇਠ ਲਿਖਿਆ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ:
- ਸ਼ਰਧਾਲੂਆਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਹੋਵੇਗੀ, ਸਿਰਫ਼ ਇੱਕ ਵੈਧ ID ਨਾਲ ਯਾਤਰਾ ਕਰ ਸਕਣਗੇ।
- ਸ਼ਰਧਾਲੂਆਂ ਨੂੰ ਯਾਤਰਾ ਲਈ 10 ਦਿਨ ਪਹਿਲਾਂ ਰਜਿਸਟਰ ਨਹੀਂ ਕਰਨਾ ਪਵੇਗਾ।
ਜਾਣਕਾਰੀ ਲਈ ਦੱਸ ਦਇਏ ਇਹ ਸਕੀਮ ਸਿਰਫ਼ ਉਦਘਾਟਨ ਵਾਲੇ ਦਿਨ ਲਈ ਲਾਗੂ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਵੀਰਵਾਰ ਨੂੰ ਭਾਰਤ ਤੋਂ 1,100 ਸਿਖਾਂ ਦਾ ਪਹਿਲਾ ਜਥਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਮਾਗਮ ਲਈ ਪਾਕਿਸਤਾਨ ਪਹੁੰਚ ਚੁੱਕਾ ਹੈ। ਈਟੀਪੀਬੀ ਦੇ ਬੁਲਾਰੇ ਅਮੀਰ ਹਾਸ਼ਮੀ ਨੇ ਮੀਡੀਆ ਨੂੰ ਦੱਸਿਆ ਕਿ ਆਉਣ ਵਾਲੇ ਸਿੱਖ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਇਤਿਹਾਸਕ ਉਦਘਾਟਨ ਦਾ ਹਿੱਸਾ ਬਣ ਸਕਣਗੇ। ਉਨ੍ਹਾਂ ਕਿਹਾ, “ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ 1,100 ਸਿੱਖਾਂ ਦਾ ਪਹਿਲਾ ਜੱਥਾ ਵਾਹਗਾ ਬਾਰਡਰ ਤੋਂ ਪਾਰ ਕਰ ਪਾਕਿ ਪਹੁੰਚ ਚੁੱਕਾ ਹੈ।"
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਸਰਕਾਰ ਦੇ ਇਸ ਫ਼ੈਸਲਾ ਦਾ ਸਵਾਗਤ ਕੀਤਾ ਗਿਆ ਹੈ।
ਪਿਛਲੇ ਹਫਤੇ ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਸਮਝੌਤੇ' ਤੇ ਦਸਤਖ਼ਤ ਕੀਤੇ ਸਨ ਜਿਸ ਨਾਲ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਗੁਰਦੁਆਰਾ ਸ੍ਰੀ ਨਨਕਾਨਾ ਸਾਹਿਬ ਵਿਖੇ ਵੀਜ਼ਾ ਮੁਕਤ ਯਾਤਰਾ ਕੀਤੀ ਜਾ ਸਕਦੀ ਹੈ।
ਇਸ ਸਮਝੌਤੇ ਮੁਤਾਬਕ ਰੋਜ਼ਾਨਾ 5,000 ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਮਨਜੂਰੀ ਦਿੱਤੀ ਗਈ ਹੈ। ਇਸ ਅਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਅੰਤਿਮ 18 ਸਾਲ ਗੁਜ਼ਾਰੇ ਸਨ।