ਸ਼ਿਮਲਾ: ਦੇਸ਼-ਦੁਨੀਆਂ ਦੇ ਵਿੱਚ ਲਗਾਤਾਰ ਜ਼ਮੀਨੀ ਪਾਣੀ ਦਾ ਡਿੱਗਦਾ ਪੱਧਰ ਖ਼ਤਰੇ ਦੀ ਘੰਟੀ ਹੈ। ਪਾਣੀ ਹੀ ਜ਼ਿੰਦਗੀ ਹੈ, ਜਲ ਹੈ ਤਾਂ ਕੱਲ੍ਹ ਹੈ ਵਰਗੇ ਨਾਅਰਿਆਂ ਦੇ ਨਾਲ ਕਈ ਸੰਸਥਾਵਾਂ ਅਤੇ ਸਰਕਾਰਾਂ ਪਾਣੀ ਬਚਾਉਣ ਦੀ ਮੁਹਿੰਮ ਦਾ ਦਾਅਵਾ ਕਰਦੀਆਂ ਹਨ, ਪਰ ਹਕੀਕਤ ਕਿਸੇ ਤੋਂ ਵੀ ਲੁੱਕੀ ਨਹੀਂ ਹੈ। ਜਿਨ੍ਹਾਂ ਨੂੰ ਪਾਣੀ ਦੀ ਸੰਭਾਲ ਰਾਕੇਟ ਸਾਇੰਸ ਲੱਗਦੀ ਹੈ, ਉਨ੍ਹਾਂ ਲਈ ਸ਼ਿਮਲਾ ਇੰਡੀਅਨ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀਜ਼ ਸਭ ਤੋਂ ਵਧੀਆ ਉਦਾਹਰਣ ਹੈ। ਪੜ੍ਹੋ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ।
ਆਈਆਈਏਐੱਸ ਦੀ ਇਮਾਰਤ ਸ਼ਿਮਲਾ ਦੀਆਂ ਖ਼ੂਬਸੂਰਤ ਵਾਦੀਆਂ ਦੇ ਵਿੱਚ ਸਾਲ 1888 ਤੋਂ ਚਾਰ ਚੰਨ ਲਾ ਰਹੀ ਹੈ। ਜਿੱਥੇ ਦੇਸ਼ ਅਤੇ ਦੁਨੀਆਂ ਤੋਂ ਕਈ ਵਿਦਿਆਰਥੀ ਉੱਚ ਸਿੱਖਿਆ ਵਾਸਤੇ ਪਹੁੰਚਦੇ ਹਨ। ਉੱਥੇ ਹੀ ਸੈਲਾਨੀ ਇਸ ਇਮਾਰਤ ਅਤੇ ਆਲੇ-ਦੁਆਲੇ ਦੀ ਹਰਿਆਲੀ ਨੂੰ ਮਾਨਣ ਦੇ ਲਈ ਆਉਂਦੇ ਹਨ।
132 ਸਾਲਾ ਪੁਰਾਣਾ ਰੇਨ ਵਾਟਰ ਹਾਰਵੈਸਟਿੰਗ ਸਿਸਟਮ
ਸਾਲ 1888 ਵਿੱਚ ਬ੍ਰਿਟਿਸ਼ ਰਾਜ ਸਮੇਂ ਇਸ ਇਮਾਰਤ ਦਾ ਨਿਰਮਾਣ ਹੋਇਆ ਸੀ ਤਾਂ ਇਸ ਦੀ ਪਹਿਚਾਣ ਤੱਤਕਾਲੀਨ ਵਾਇਸਰਾਏ ਲਾਰਡ ਡਫਲਿਨ ਦੀ ਰਿਹਾਇਸ਼ ਦੇ ਰੂਪ ਦੇ ਵਿੱਚ ਹੋਈ ਸੀ। ਜਿਸ ਨੂੰ ਅੱਜ ਇੰਡੀਅਨ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀਜ਼ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। 1888 ਤੋਂ ਇਸ ਇਮਾਰਤ ਦੇ ਵਿੱਚ ਇੱਕ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਇਆ ਗਿਆ ਸੀ, ਜਿਸ ਦੇ ਤਹਿਤ ਇਮਾਰਤ ਦੇ ਆਲੇ-ਦੁਆਲੇ ਜ਼ਮੀਨ ਹੇਠਾਂ ਵੱਡੇ-ਵੱਡੇ ਟੈਂਕਾਂ ਦਾ ਨਿਰਮਾਣ ਕੀਤਾ ਗਿਆ। ਜਿਨ੍ਹਾਂ ਨੂੰ ਛੱਤ ਤੋਂ ਆਉਣ ਵਾਲੀਆਂ ਪਾਇਪਾਂ ਨਾਲ ਜੋੜਿਆ ਗਿਆ। ਇਨ੍ਹਾਂ ਪਾਇਪਾਂ ਰਾਹੀਂ ਮੀਂਹ ਦੇ ਪਾਣੀ ਨੂੰ ਟੈਕਾਂ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਇਸ ਪਾਣੀ ਨੂੰ ਵਰਤਿਆ ਜਾਂਦਾ ਹੈ।
ਇਹ ਇੰਸਟੀਚਿਊਟ 99 ਏਕੜ ਵਿੱਚ ਫ਼ੈਲਿਆ ਹੋਇਆ ਹੈ ਅਤੇ ਲਗਭਗ 30 ਏਕੜ ਏਰੀਏ ਵਿੱਚ ਬਾਗ-ਬਗੀਚੇ ਅਤੇ ਦਰਖ਼ਤ ਹਨ। ਜਿਨ੍ਹਾਂ ਦੀ ਸਿੰਜਾਈ ਮੀਂਹ ਦੇ ਇਕੱਠੇ ਕੀਤੇ ਇਸ ਪਾਣੀ ਨਾਲ ਕੀਤੀ ਜਾਂਦੀ ਹੈ ਅਤੇ ਹਰਿਆਲੀ ਨੂੰ ਬਰਕਰਾਰ ਰੱਖਿਆ ਜਾਂਦਾ ਹੈ।