ਨਵੀਂ ਦਿੱਲੀ: ਕੋਰੋਨਾ ਦੇ ਵੱਧ ਰਹੇ ਮਾਮਲੇ ਵਿਚਾਲੇ ਇੱਕ ਚੰਗੀ ਖ਼ਬਰ ਆ ਰਹੀ ਹੈ। ਕੋਰੋਨਾ ਦੀ ਵੈਕਸੀਨ "ਕੋਵੈਕਸੀਨ" 15 ਅਗਸਤ ਨੂੰ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਕੋਰੋਨਾ ਵੈਕਸੀਨ ਨੂੰ ਫਾਰਮਾਸਿਊਟੀਕਲ ਕੰਪਨੀ ਭਾਰਤ ਬਾਇਓਟੈਕ ਦੁਆਰਾ ਤਿਆਰ ਕੀਤਾ ਗਿਆ ਹੈ। ਭਾਰਤ ਬਾਇਓਟੈਕ ਅਤੇ ਆਈਸੀਐਮਆਰ ਵੱਲੋਂ ਵੈਕਸੀਨ ਲਾਂਚ ਕਰਨਾ ਸੰਭਵ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਦੇਸ਼ ਦੇ ਪਹਿਲੇ ਸਵਦੇਸ਼ੀ ਕੋਵਿਡ-19 ਟੀਕੇ ਦੇ ਕਲੀਨਿਕਲ ਟ੍ਰਾਇਲ ਲਈ 12 ਸੰਸਥਾਵਾਂ ਦੀ ਚੋਣ ਕੀਤੀ ਹੈ।
ਕਲੀਨਿਕਲ ਟ੍ਰਾਇਲ ਲਈ ਚੁਣੇ ਗਏ ਅਦਾਰੇ ਓਡੀਸ਼ਾ, ਵਿਸ਼ਾਖਾਪਟਨਮ, ਰੋਹਤਕ, ਨਵੀਂ ਦਿੱਲੀ, ਪਟਨਾ, ਬੈਲਗਾਮ (ਕਰਨਾਟਕ), ਨਾਗਪੁਰ, ਗੋਰਖਪੁਰ, ਕੱਟਨਕੂਲਤੂਰ (ਤਾਮਿਲਨਾਡੂ), ਹੈਦਰਾਬਾਦ, ਆਰੀਆ ਨਗਰ, ਕਾਨਪੁਰ (ਉੱਤਰ ਪ੍ਰਦੇਸ਼) ਅਤੇ ਗੋਆ ਵਿੱਚ ਸਥਿਤ ਹਨ।
ਦੱਸ ਦਈਏ ਕਿ ਆਈਸੀਐਮਆਰ ਨੇ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੇ ਸਹਿਯੋਗ ਨਾਲ ਦੇਸੀ ਕੋਵਿਡ-19 ਟੀਕਾ (ਬੀਬੀਵੀ 152 ਕੋਵਿਡ ਟੀਕਾ) ਵਿਕਸਤ ਕੀਤਾ ਹੈ।
ਹਾਲ ਹੀ ਵਿੱਚ ਭਾਰਤ ਬਾਇਓਟੈਕ ਨੂੰ ਇਸ ਵੈਕਸੀਨ ਦੇ ਮਨੁੱਖੀ ਟੈਸਟਿੰਗ ਦੀ ਇਜਾਜ਼ਤ ਮਿਲੀ ਸੀ। ਇਹ ਭਾਰਤ ਵਿਚ ਵਿਕਸਤ ਹੋਣ ਵਾਲੀ ਪਹਿਲੀ ਵੈਕਸੀਨ ਹੈ ਅਤੇ ਸਰਕਾਰ ਦੀ ਸਭ ਤੋਂ ਵੱਡੇ ਪਹਿਲ ਵਾਲੇ ਪ੍ਰਾਜੈਕਟਾਂ ਵਿਚੋਂ ਇਕ ਹੈ।