ਨਵੀਂ ਦਿੱਲੀ: ਮਹਾਤਮਾ ਗਾਂਧੀ 'ਤੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਕਰਨਾਟਕ ਤੋਂ ਭਾਜਪਾ ਦੇ ਸੰਸਦ ਮੈਂਬਰ ਅਨੰਤਕੁਮਾਰ ਹੇਗੜੇ ਨੇ ਇਸ ਮੁੱਦੇ 'ਤੇ ਆਪਣੀ ਸਫ਼ਾਈ ਪੇਸ਼ ਕੀਤੀ ਹੈ।
ਅਨੰਤਕੁਮਾਰ ਹੇਗੜੇ ਨੇ ਪੂਰੇ ਮਾਮਲੇ 'ਤੇ ਕਿਹਾ, "ਸਾਰੀਆਂ ਸਬੰਧਤ ਮੀਡੀਆ ਰਿਪੋਰਟਾਂ ਝੂਠੀਆਂ ਹਨ। ਮੈਂ ਕਦੇ ਉਹ ਨਹੀਂ ਕਿਹਾ, ਜਿਸ 'ਤੇ ਬਹਿਸ ਹੋ ਰਹੀ ਹੈ। ਇਹ ਇੱਕ ਬੇਲੋੜਾ ਵਿਵਾਦ ਹੈ। ਜੇ ਕੋਈ ਦੇਖਣਾ ਚਾਹੁੰਦਾ ਹੈ ਤਾਂ ਭਾਸ਼ਣ ਜਨਤਕ ਡੋਮੇਨ ਵਿੱਚ ਹੈ। ਇਹ ਆਨਲਾਈਨ ਅਤੇ ਮੇਰੀ ਵੈਬਸਾਈਟ 'ਤੇ ਵੀ ਉਪਲਬਧ ਹੈ। ਮੈਂ ਕਦੇ ਵੀ ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਵਿਰੁੱਧ ਕੋਈ ਸ਼ਬਦ ਨਹੀਂ ਬੋਲਿਆ, ਮੈਂ ਸਿਰਫ ਸਾਡੇ ਸੁਤੰਤਰਤਾ ਸੰਗਰਾਮ ਦੀ ਬਾਰੇ ਚਰਚਾ ਕਰ ਰਿਹਾ ਸੀ। 1 ਫਰਵਰੀ 2020 ਨੂੰ ਦਿੱਤੇ ਮੇਰੇ ਬਿਆਨ ਦੀ ਜ਼ਿੰਮੇਵਾਰੀ ਲੈਂਦਾ ਹਾਂ। ਮੈਨੂੰ ਕਿਸੇ ਵੀ ਸਿਆਸੀ ਪਾਰਟੀ, ਮਹਾਤਮਾ ਗਾਂਧੀ ਜਾਂ ਕਿਸੇ ਹੋਰ ਦਾ ਕੋਈ ਜ਼ਿਕਰ ਨਹੀ ਕੀਤੀ ਸੀ। ਮੈਂ ਸਿਰਫ਼ ਆਜ਼ਾਦੀ ਦਾ ਵਰਗੀਕਰਨ ਕਰਨ ਦੀ ਕੋਸ਼ਿਸ਼ ਕੀਤੀ ਸੀ"
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਲੋਕ ਸਭਾ ਵਿੱਚ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਮਹਾਤਮਾ ਗਾਂਧੀ ਬਾਰੇ ਭਾਜਪਾ ਸੰਸਦ ਅਨੰਤ ਹੇਗੜੇ ਦੀ ਵਿਵਾਦਪੂਰਨ ਟਿੱਪਣੀ ਅਤੇ ਸਦਨ ਤੋਂ ਹੇਗੜੇ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਮਚਾ ਦਿੱਤਾ। ਪ੍ਰਹਿਲਾਦ ਜੋਸ਼ੀ ਨੇ ਕਾਂਗਰਸ ‘ਤੇ ‘ਜਾਅਲੀ ਗਾਂਧੀ ਦਾ ਚੇਲਾ’ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਵਾਲੇ ਮਹਾਤਮਾ ਗਾਂਧੀ ਦੇ ਅਸਲ ਚੇਲੇ ਹਨ।
ਜਦੋਂ ਇਸ ਵਿਸ਼ੇ ‘ਤੇ ਦੁਪਹਿਰ 12 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ ਦੇ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਡੀਐਮਕੇ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੈਂਬਰ ਆਪਣੀ ਜਗ੍ਹਾ 'ਤੇ ਖੜੇ ਸਨ। ਸਦਨ ਵਿੱਚ ਜ਼ੀਰੋ ਆਵਰ ਦੌਰਾਨ ਇਸ ਮੁੱਦੇ ਨੂੰ ਚੁੱਕਦਿਆਂ ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪੂਰੀ ਦੁਨੀਆ ਗਾਂਧੀ ਦੀ ਪੂਜਾ ਕਰਦੀ ਹੈ, ਪਰ ਭਾਜਪਾ ਦੇ ਲੋਕ ਰਾਮ ਦੇ ਪੁਜਾਰੀ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਨੇ ਭਾਜਪਾ ‘ਤੇ ‘ਗੋਡਸੇ ਪਾਰਟੀ’ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।