ਵਾਸ਼ਿੰਗਟਨ: ਭਾਰਤ 'ਚ CAA 'ਤੇ ਹੋਏ ਜ਼ਬਰਦਸਤ ਵਿਰੋਧ ਤੋਂ ਬਾਅਦ ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀ ਮਾਈਕ੍ਰੋਸੋਫਟ ਕੋਰਪੋਰੇਸ਼ਨ ਦੇ ਭਾਰਤੀ ਮੂਲ ਦੇ ਸੀਈਓ ਸੱਤਿਆ ਨਡੇਲਾ ਨੇ ਨਾਗਰਿਕਤਾ ਸੋਧ ਕਾਨੂੰਨ ਤੇ ਬਿਆਨ ਜਾਰੀ ਕੀਤਾ ਹੈ। ਟਵੀਟ ਕਰਦਿਆਂ ਉਨ੍ਹਾਂ ਕਿਹਾ ਉਮੀਦ ਹੈ ਕਿ ਭਾਰਤ 'ਚ ਲਾਗੂ ਹੋਏ ਨਵੇਂ ਨਾਗਰਿਕਤਾ ਕਾਨੂੰਨ ਨਾਲ ਹਰ ਸ਼ਰਨਾਰਥੀ ਨੂੰ ਨਾਗਰਿਕਤਾ ਮਿਲੇ ਤੇ ਇਸ ਨਾਲ ਖੁਸ਼ਹਾਲ ਭਵਿੱਖ ਤੇ ਸਮਾਜ ਨੂੰ ਬਰਾਬਰ ਫਾਇਦਾ ਦੇਵੇ।
ਟਵਿੱਟਰ ਤੇ ਉਨ੍ਹਾਂ ਲਿਖਿਆ, "ਹਰ ਦੇਸ਼ ਨੂੰ ਆਪਣੀਆਂ ਸਰਹੱਦ ਨੂੰ ਨਿਰਧਾਰਤ ਕਰਨਾ ਚਾਹੀਦਾ ਹੈ ਅਤੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਉਸ ਅਨੁਸਾਰ ਸ਼ਰਨਾਰਥੀਆਂ ਦੀ ਨਿਤੀ ਤੈਅ ਕਰਨੀ ਚਾਹੀਦੀ ਹੈ। ਲੋਕਤੰਤਰ 'ਚ ਇਹ ਇੱਕ ਅਜਿਹੀ ਚੀਜ਼ ਹੈ ਜਿਸ ਤੇ ਜਨਤਾ ਤੇ ਮੌਜੂਦਾ ਸਰਕਾਰਾਂ ਬਹਿਸ ਕਰਨਗੀਆਂ ਤੇ ਆਪਣੀਆਂ ਸਰਹੱਦਾਂ ਦੇ ਅੰਦਰ ਪਰਿਭਾਸ਼ਤ ਕਰਨਗੀਆਂ।"
ਉਨ੍ਹਾਂ ਅੱਗੇ ਲਿਖਿਆ, "ਮੈਂ ਆਪਣੀ ਭਾਰਤੀ ਵਿਰਾਸਤ ਨਾਲ ਜੁੜਿਆ ਹੋਇਆ ਹਾਂ। ਮਲਟੀਕਲਚਰ ਭਾਰਤ ਦੀ ਪਰਵਰਿਸ਼ ਤੇ ਅਮਰੀਕਾ 'ਚ ਮੇਰਾ ਪ੍ਰਵਾਸੀ ਹੋਣ ਦਾ ਤਜ਼ਰਬਾ ਹੈ। ਮੇਰੀ ਉਮੀਦ ਇੱਕ ਅਜਿਹੇ ਭਾਰਤ ਦੀ ਹੈ, ਜਿਥੇ ਇੱਕ ਪ੍ਰਵਾਸੀ ਸਟਾਰਟ-ਅੱਪ ਸ਼ੁਰੂ ਕਰ ਸਕਦਾ ਹੋਵੇ ਜਾਂ ਇੱਕ ਐਮਐਨਸੀ ਦੀ ਅਗਵਾਈ ਕਰ ਸਕਦਾ ਹੋਵੇ ਜਿਸ ਨਾਲ ਭਾਰਤੀ ਸਮਾਜ ਤੇ ਅਰਥਵਿਵਸਥਾ ਨੂੰ ਵੱਡੇ ਪੱਧਰ ਤੇ ਲਾਭ ਹੋਵੇ।"
ਇਸ ਤੋਂ ਪਹਿਲਾਂ Buzzfeed ਦੇ ਸੰਪਾਦਕ ਬੇਨ ਸਮਿੱਥ ਨਾਲ ਇੰਟਰਵਿਊ 'ਚ ਸੱਤਿਆ ਨਡੇਲਾ ਨੇ ਇਸ ਕਾਨੂੰਨ ਨੂੰ ਬੁਰਾ ਤੇ ਦੁਖਦ ਦੱਸਿਆ ਸੀ। ਇੱਕ ਟਵੀਟ 'ਚ ਬੇਨ ਨੇ ਸੱਤਿਆ ਨਡੇਲਾ ਤੋਂ ਪੁੱਛਿਆ ਸੀ ਕਿ ਉਹ ਭਾਰਤ 'ਚ ਲਾਗੂ ਹੋਏ ਨਵੇਂ ਨਾਗਰਿਕਤਾ ਸੋਧ ਕਾਨੂੰਨ ਬਾਰੇ ਕੀ ਸੋਚਦੇ ਹਨ। ਜਿਸ 'ਤੇ ਜਵਾਬ ਦਿੰਦਿਆ ਨਡੇਲਾ ਨੇ ਕਿਹਾ ਕਿ ਜੋ ਵੀ ਹੋ ਰਿਹਾ ਹੈ ਉਹ ਬੁਰਾ ਤੇ ਦੁਖਦ ਹੈ। ਉਨ੍ਹਾਂ ਕਿਹਾ, "ਮੈਂ ਇੱਕ ਬੰਗਲਾਦੇਸ਼ੀ ਪ੍ਰਵਾਸੀ ਨੂੰ ਵੇਖਣਾ ਪਸੰਦ ਕਰਾਂਗਾ ਜੋ ਭਾਰਤ ਆਉਂਦਾ ਹੈ ਤੇ ਇੰਫੋਸਿਸ ਦਾ ਅਗਲਾ ਸੀਈਓ ਬਣਦਾ ਹੈ।"