ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਜਨਾਰਦਨ ਦਿਵੇਦੀ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਧਾਰਾ 370 ਤਹਿਤ ਦਿੱਤੇ ਅਧਿਕਾਰਾਂ ਨੂੰ ਹਟਾਉਣ ਨਾਲ ਇਤਿਹਾਸ ਵਿੱਚ ਕੀਤੀ ਗਈ ਇੱਕ ਵੱਡੀ ਗ਼ਲਤੀ ਵਿੱਚ ਸੁਧਾਰ ਹੋਇਆ ਹੈ।
ਕਾਂਗਰਸੀ ਨੇਤਾ ਜਨਾਰਦਨ ਦਿਵੇਦੀ ਨੇ ਮੋਦੀ ਸਰਕਾਰ ਦੇ ਇਸ ਫੈਸਲੇ 'ਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੇ ਰਾਜਨੀਤਕ ਗੁਰੂ ਰਾਮ ਮਨੋਹਰ ਲੋਹਿਆ ਵੀ ਹਮੇਸ਼ਾ ਤੋਂ ਹੀ ਧਾਰਾ 370 ਦਾ ਵਿਰੋਧ ਕਰਦੇ ਸਨ। ਜੰਮੂ ਕਸ਼ਮੀਰ 'ਚ ਧਾਰਾ 370 ਹਟਾਉਣ ਦੇ ਨਾਲ ਇਤਿਹਾਸ ਵਿੱਚ ਕੀਤੀ ਗਈ ਵੱਡੀ ਗ਼ਲਤੀ ਨੂੰ ਸੁਧਾਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਧਾਰਾ 370 ਬੇਹਦ ਪੁਰਾਣਾ ਮਾਮਲਾ ਹੈ। ਆਜ਼ਾਦੀ ਤੋਂ ਬਾਅਦ ਵੀ ਬਹੁਤ ਸਾਰੇ ਸਵਤੰਤਰਤਾ ਸੈਨਾਨੀਆਂ ਨੇ ਇਸ ਧਾਰਾ ਦਾ ਵਿਰੋਧ ਕੀਤਾ ਸੀ। ਇਹ ਮੇਰਾ ਵਿਅਕਤੀਗਤ ਮਤ ਹੈ ਕਿ ਇਹ ਫੈਸਲਾ ਰਾਸ਼ਟਰ ਦੇ ਹੱਕ ਵਿੱਚ ਇੱਕ ਸੰਤੋਸ਼ਜਨਕ ਫੈਸਲਾ ਹੈ। ਜਿਹੜੀ ਭੁੱਲ ਆਜ਼ਾਦੀ ਦੇ ਸਮੇਂ ਵਿੱਚ ਹੋਈ ਸੀ ਹੁਣ ਉਹ ਸੁਧਰ ਗਈ ਹੈ। ਇਹ ਫੈਸਲਾ ਸਵਾਗਤ ਯੋਗ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਮਤਾ ਲੋਕਸਭਾ ਵਿੱਚ ਵੀ ਪਾਸ ਹੋਵੇਗਾ। ਵਿਆਪਕ ਰੂਪ ਵਿੱਚ ਇਹ ਫੈਸਲਾ ਪੂਰੇ ਦੇਸ਼ ਲਈ ਵਧੀਆ ਹੋਵੇਗਾ।
ਕਾਂਗਰਸ ਵੱਲੋਂ ਇਸ ਬਿੱਲ ਦਾ ਵਿਰੋਧ ਕੀਤੇ ਜਾਣ 'ਤੇ ਬੋਲਦਿਆਂ ਜਨਾਰਦਨ ਦਿਵੇਦੀ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਵੀ ਬਹੁਤ ਸਾਰੇ ਅਜਿਹੇ ਬਿੱਲ ਪਾਸ ਕੀਤੇ ਗਏ ਸਨ, ਜਿਸ ਦੇ ਵਿਰੁੱਧ ਲੋਕ ਬੋਲਦੇ ਰਹੇ ਅਤੇ ਅੰਤ ਵਿੱਚ ਹਰ ਕੋਈ ਚੁੱਪ ਹੋ ਗਿਆ ਹੈ। ਇਸ ਬਿੱਲ ਵਿੱਚ ਵੀ ਅਜਿਹਾ ਹੀ ਹੋਵੇਗਾ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਸੋਮਵਾਰ ਨੂੰ ਰਾਜ ਸਭਾ ਵਿੱਚ ਪਾਸ ਕੀਤਾ ਗਿਆ। ਇਸ ਦੇ ਬਿੱਲ ਨੂੰ ਪਾਸ ਕਰਨ ਦੇ ਹੱਕ ਵਿੱਚ 125 ਵੋਟ ਅਤੇ ਵਿਰੋਧੀ ਪੱਖ ਵਿੱਚ 61 ਵੋਟ ਪਏ ਸਨ। ਉਸ ਸਮੇਂ ਇਕੋ ਮੈਂਬਰ ਗੈਰ-ਮੌਜ਼ੂਦ ਰਿਹਾ।