ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਈਆਂ ਸੁਰੱਖਿਆ ਚੁਣੌਤੀਆਂ ਨੂੰ ਲੈ ਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਤਿੰਨੋਂ ਫ਼ੌਜਾਂ ਦੇ ਮੁਖੀ ਸੋਮਵਾਰ ਨੂੰ 2 ਦਿਨਾਂ ਦੀ ਉੱਚ ਪੱਧਰੀ ਬੈਠਕ ਕਰਨਗੇ। ਇਹ ਬੈਠਕ 42 ਦੇਸ਼ਾਂ 'ਚ ਤਾਇਨਾਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਹੋਵੇਗੀ।
ਰੱਖਿਆ ਮੰਤਰੀ ਅਤੇ ਤਿੰਨੋਂ ਫੌਜਾਂ ਦੇ ਮੁਖੀਆਂ ਦੀ ਉੱਚ ਪੱਧਰੀ ਬੈਠਕ ਅੱਜ - ਰੱਖਿਆ ਮੰਤਰੀ
ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਤਿੰਨੋਂ ਫ਼ੌਜਾਂ ਦੇ ਮੁਖੀਆਂ ਦੀ 2 ਦਿਨਾਂ ਉੱਚ ਪੱਧਰੀ ਬੈਠਕ ਅੱਜ ਤੋਂ ਸ਼ੁਰੂ। 42 ਦੇਸ਼ਾਂ 'ਚ ਤਾਇਨਾਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਬੈਠਕ 'ਚ ਹੋਣਗੇ ਸ਼ਾਮਲ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਈਆਂ ਸੁਰੱਖਿਆ ਚੁਣੌਤੀਆਂ ਬਾਰੇ ਕੀਤੀ ਜਾਵੇਗੀ ਚਰਚਾ।
ਫ਼ੌਜ ਦੇ ਇੱਕ ਅਧਿਕਾਰੀ ਮੁਤਾਬਕ, ਬੈਠਕ 'ਚ ਪਾਕਿਸਤਾਨ ਸਰਹੱਦ 'ਤੇ ਹਾਲਾਤਾਂ ਸਣੇ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਸਰਕਾਰ ਕੁੱਝ ਅਹਿਮ ਸੁਰੱਖਿਆ ਚੁਣੌਤੀਆਂ ਨੂੰ ਲੈ ਕੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਕੋਲੋਂ ਪ੍ਰਤੀਕਰਮ ਲਵੇਗੀ। ਇਸ ਬੈਠਕ 'ਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ 'ਚ ਤਾਇਨਾਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।
ਇਹ ਦੋ ਦਿਨਾਂ ਬੈਠਕ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਪੁਲਵਾਮਾ 'ਚ ਸੀਆਰਪੀਐੱਫ਼ ਦੇ ਜਵਾਨਾਂ 'ਤੇ ਜੈਸ਼-ਏ-ਮੁਹੰਮਦ ਦੇ ਹਮਲਾ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਵੱਧ ਰਿਹਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸੁਰੱਖਿਆ ਬਲਾਂ ਨੂੰ ਇਸ ਹਮਲੇ ਦਾ ਜਵਾਬ ਦੇਣ ਲਈ ਖੁੱਲੀ ਛੂਟ ਦੇ ਦਿੱਤੀ ਗਈ ਹੈ।