ਉੱਤਰਕਾਸ਼ੀ : ਉੱਤਰਾਖੰਡ 'ਚ ਲਗਾਤਾਰ ਭਾਰੀ ਮੀਂਹ ਕਾਰਨ ਹਰ ਪਾਸੇ ਹੜ੍ਹ ਦਾ ਕਹਿਰ ਹੈ। ਇਥੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਕਈ ਪਿੰਡਾ ਦਾ ਦੇਸ਼ ਨਾਲ ਸੰਪਰਕ ਟੁੱਟ ਗਿਆ ਹੈ। ਹੜ੍ਹ ਦੇ ਕਾਰਨ ਇਥੇ ਕਈ ਪਿੰਡ ਪ੍ਰਭਾਵਤ ਹੋਏ ਹਨ ਅਤੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਤਰਾਖੰਡ ਦੇ ਸਰਹਦੀ ਇਲਾਕੇ ਉੱਤਰਕਾਸ਼ੀ ਦੇ ਮੋਰੀ ਖ਼ੇਤਰ ਦੇ ਬੰਗਾਣ ,ਆਰਾਕੋਟ ਅਤੇ ਟਿਕੋਚੀ ਖੇਤਰ ਵਿੱਚ ਬੱਦਲ ਫਟਣ ਕਾਰਨ ਕਈ ਲੋਕਾਂ ਦੀ ਮੌਤ ਦੀ ਖ਼ਬਰ ਹੈ।
ਜਾਣਕਾਰੀ ਮੁਤਾਬਕ ਉੱਤਰਕਾਸ਼ੀ ਦੇ ਮੋਰੀ ਤਹਿਸੀਲ ਵਿੱਚ ਬੱਦਲ ਫਟਣ ਨਾਲ 17 ਲੋਕਾਂ ਦੀ ਮੌਤ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਭਾਰੀ ਮੀਂਹ ਕਾਰਨ ਸਾਰਾ ਖ਼ੇਤਰ ਹੜ੍ਹ ਦੀ ਚਪੇਟ ਵਿੱਚ ਹੈ। ਮੌਕੇ 'ਤੇ ਪੁੱਜੀ ਪੁਲਿਸ ਅਤੇ ਐੱਨਰਡੀਆਰਐੱਫ਼ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਹੈ। ਹੜ੍ਹ ਪ੍ਰਭਾਵਤ ਇਲਾਕੇ ਦੇ ਲੋਕਾਂ ਨੂੰ ਸੁਰੱਖਿਤ ਥਾਵਾਂ ਉੱਤੇ ਪਹੁੰਚਾਇਆ ਜਾ ਰਿਹਾ ਹੈ। ਭਾਰੀ ਮੀਂਹ ਕਾਰਨ, ਖੇਤਰ ਦੇ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਦਰਜਨ ਤੋਂ ਵੱਧ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ। ਹੜ੍ਹ ਤੋਂ ਪਰੇਸ਼ਾਨ ਲੋਕ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ।