ਮੁੰਬਈ: ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਟਕਰਾਅ ਵੱਧ ਰਿਹਾ ਹੈ। ਮੁੰਬਈ ਦੇ ਪਾਲੀ ਹਿੱਲਜ਼ ਖੇਤਰ ਵਿੱਚ ਕੰਗਨਾ ਦੇ ਦਫਤਰ ਉੱਤੇ ਬੀਐਮਸੀ ਦਾ ਬੁਲਡੋਜ਼ਰ ਚਲਾਏ ਜਾਣ ਤੋਂ ਬਾਅਦ ਇਸ ਮਾਮਲੇ ਵਿੱਚ ਰਾਜਨੀਤੀ ਵੀ ਹੋ ਰਹੀ ਹੈ।
ਕੰਗਨਾ ਨੇ ਬੀਐਮਸੀ ਦੀ ਕਾਰਵਾਈ 'ਤੇ ਇਤਰਾਜ਼ ਜਤਾਉਂਦਿਆਂ ਪਟੀਸ਼ਨ ਦਾਇਰ ਕੀਤੀ ਹੈ। ਅੱਜ ਉਸ ਦੀ ਪਟੀਸ਼ਨ 'ਤੇ ਦੁਪਹਿਰ ਤਿੰਨ ਵਜੇ ਬੰਬੇ ਹਾਈ ਕੋਰਟ ਵਿਚ ਸੁਣਵਾਈ ਹੋਵੇਗੀ।
ਬੁੱਧਵਾਰ ਨੂੰ ਬੀਐਮਸੀ ਦੀ ਕਾਰਵਾਈ ਤੋਂ ਬਾਅਦ ਕੰਗਨਾ ਦੀ ਪਟੀਸ਼ਨ 'ਤੇ ਬੰਬੇ ਹਾਈ ਕੋਰਟ ਨੇ ਕੰਗਨਾ ਨੂੰ ਤੁਰੰਤ ਰਾਹਤ ਦਿੱਤੀ ਅਤੇ ਕਾਰਵਾਈ 'ਤੇ ਅੰਤਰਿਮ ਰੋਕ ਲਗਾ ਦਿੱਤੀ। ਹਾਈ ਕੋਰਟ ਨੇ ਬੀਐਮਸੀ ਤੋਂ ਜਵਾਬ ਮੰਗਿਆ ਹੈ, ਜਿਸ 'ਤੇ ਅਗਲੀ ਸੁਣਵਾਈ ਅੱਜ ਹੋਵੇਗੀ।
ਦੱਸ ਦਈਏ ਕਿ ਬੀਐਮਸੀ ਨੇ ਪਹਿਲਾਂ ਇੱਕ ਨੋਟਿਸ ਭੇਜਿਆ ਸੀ ਜਿਸ ਵਿੱਚ ਕੰਗਨਾ ਦੇ ਦਫ਼ਤਰ ਵਿੱਚ ਗ਼ੈਰ-ਕਾਨੂੰਨੀ ਉਸਾਰੀ ਦਾ ਹਵਾਲਾ ਦਿੱਤਾ ਗਿਆ ਸੀ। ਬਾਅਦ ਵਿਚ ਬੁੱਧਵਾਰ ਨੂੰ ਬੀਐਮਸੀ ਦੇ ਕਰਮਚਾਰੀ ਕਥਿਤ ਨਾਜਾਇਜ਼ ਨਿਰਮਾਣ ਨੂੰ ਤੋੜਨ ਲਈ ਪਹੁੰਚੇ।
ਇਸ ਘਟਨਾ ਤੋਂ ਬਾਅਦ ਮਹਾਨਗਰੁਪਾਲਿਕਾ ਨੂੰ ਲੈ ਕੇ ਕਈ ਪ੍ਰਤੀਕਰਮ ਆ ਰਹੇ ਹਨ। ਕੰਗਨਾ ਨੇ ਖ਼ੁਦ ਸੀਐਮ ਉੱਧਵ ਠਾਕਰੇ ਨੂੰ ਖੁੱਲ੍ਹ ਕੇ ਚੁਣੌਤੀ ਦਿੱਤੀ ਹੈ ਕਿ ਹੁਣ ਉਨ੍ਹਾਂ ਦੇ ਹੰਕਾਰ ਨੂੰ ਤੋੜਨ ਦਾ ਸਮਾਂ ਆ ਗਿਆ ਹੈ। ਨਾਰਾਜ਼ ਕੰਗਨਾ ਨੇ ਬੀਐਮਸੀ ਦੇ ਮੁਲਾਜ਼ਮਾਂ ਨੂੰ ਬਾਬਰ ਕਿਹਾ। ਇਕ ਹੋਰ ਟਵੀਟ ਵਿਚ ਕੰਗਨਾ ਨੇ ਪਾਕਿਸਤਾਨ ਅਤੇ ਲੋਕਤੰਤਰ ਦੀ ਹੱਤਿਆ ਵਰਗੇ ਸ਼ਬਦਾਂ ਦੀ ਵੀ ਵਰਤੋਂ ਕੀਤੀ।
ਇਸ ਤੋਂ ਪਹਿਲਾਂ ਕੰਗਨਾ ਮੁੰਬਈ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਰਗਾ ਅਹਿਸਾਸ ਹੋਣ ਦਾ ਬਿਆਨ ਦੇ ਕੇ ਸੁਰਖੀਆਂ ਵਿੱਚ ਆਈ ਸੀ। ਇਸ ਤੋਂ ਬਾਅਦ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕੰਗਨਾ 'ਤੇ ਪਲਟਵਾਰ ਕੀਤਾ। ਹਾਲਾਂਕਿ, ਸੰਜੇ ਰਾਉਤ ਕੰਗਨਾ ਦੇ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ 'ਤੇ ਵੀ ਕਾਫੀ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ।